ਸੱਚ,ਸਬਰ ਤੇ ਵਿਚਾਰ ਦਾ ਥਾਲ ਤਿਆਰ (ETV BHARAT) ਬਠਿੰਡਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁੱਢਲੀ ਜਾਣਕਾਰੀ ਇੱਕੋ ਨਜ਼ਰ ਵਿੱਚ ਦੇਣ ਲਈ ਸਿੱਖ ਵਿਦਵਾਨ ਡਾਕਟਰ ਗੁਰਸ਼ਰਨ ਸਿੰਘ ਰੰਧਾਵਾ ਨੇ ਕਈ ਮਹੀਨੇ ਦੀ ਸਖ਼ਤ ਮਿਹਨਤ ਤੋਂ ਬਾਅਦ ਸੱਚ, ਸਬਰ ਤੇ ਵਿਚਾਰ ਦਾ ਥਾਲ ਤਿਆਰ ਕੀਤਾ ਹੈ। ਜੋ ਕਿ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਭੇਟ ਕਰਨ ਲਈ ਪੁੱਜੇ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ: ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ ਅੰਕ ਤੋਂ ਲੈ ਕੇ 1430 ਅੰਕ ਤੱਕ ਸਾਰੀ ਬਾਣੀ, ਕਿਸ ਤਰਾਂ ਦੀਆਂ ਬਾਣੀਆਂ, ਰਾਗਾਂ ਵਿੱਚ ਬਾਣੀ, ਬਿਨਾਂ ਰਾਗਾਂ ਤੋਂ ਬਾਣੀ ਤੇ ਉਹ ਸਾਰੇ ਰਾਗਾਂ ਦੇ ਨਾਮ ਨੇ ਉਸੇ ਤਰਤੀਬ ਵਿੱਚ ਤੇ ਕਿਹੜਾ ਰਾਗ ਕਿੰਨੇ ਅੰਗ ਤੋਂ ਸ਼ੁਰੂ ਹੁੰਦਾ ਹੈ ਤੇ ਕਿੰਨੇ 'ਤੇ ਖਤਮ ਹੁੰਦਾ ਹੈ। ਉਸ ਤੋਂ ਬਾਅਦ ਸਾਰੇ ਰਚਨਹਾਰਿਆਂ ਦੀ ਜਿਹੜੀ ਬਾਣੀ ਆ ਉਸ ਦੀ ਪੂਰੀ ਦੀ ਪੂਰੀ ਤਰਤੀਬ ਅਲੱਗ-ਅਲੱਗ ਰੰਗਾਂ ਦੇ ਹਿਸਾਬ ਨਾਲ ਦਿਖਾਈ ਗਈ ਹੈ।
ਖਰੜਾ ਤਿਆਰ ਕਰਕੇ ਡਿਜੀਟਲ ਤਿਆਰੀ:ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੀਲੇ ਰੰਗ ਦੇ ਵਿੱਚ ਫਿਰ ਗੁਰੂ ਅੰਗਦ ਦੇਵ ਜੀ ਦੀ ਬਾਣੀ,ਗੁਰੂ ਅਮਰਦਾਸ ਜੀ ਦੀ ਬਾਣੀ ,ਗੁਰੂ ਰਾਮਦਾਸ ਜੀ ਦੀ ਸ਼ਾਮਲ ਹੈ। ਗੁਰੂ ਚੱਕਰ ਵਿੱਚ ਬਾਹਰੋਂ ਅੰਦਰ ਨੂੰ ਜਾਈਏ ਤਾਂ ਉਸ 'ਤੇ ਸਾਨੂੰ ਸਾਰੀ ਬਾਣੀ ਦਾ ਵੇਰਵਾ ਮਿਲਦਾ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹ ਬਣਾਉਣ ਵਿੱਚ ਉਹਨਾਂ ਨੂੰ ਕਈ ਮਹੀਨੇ ਲੱਗੇ ਹਨ। ਪਹਿਲਾਂ ਉਹਨਾਂ ਨੇ ਇਸ ਨੂੰ ਖੁਦ ਕੱਚਾ ਬਣਾਇਆ ਅਤੇ ਬਾਅਦ ਵਿੱਚ ਡਿਜੀਟਲ ਕਰਵਾ ਕੇ ਤਿਆਰ ਕੀਤਾ ਹੈ।
ਵਿਦਿਅਕ ਅਦਾਰੇ ਤੇ ਗੁਰਦੁਆਰਿਆਂ 'ਚ ਭੇਟ: ਉਹਨਾਂ ਦੱਸਿਆ ਕਿ ਇਹ ਕਾਪੀਆਂ ਤਿਆਰ ਕਰਕੇ ਵੱਖ-ਵੱਖ ਵਿਦਿਅਕ ਅਦਾਰਿਆਂ ਅਤੇ ਗੁਰਦੁਆਰਾ ਸਾਹਿਬਾਨਾਂ ਵਿੱਚ ਭੇਟ ਕਰ ਰਹੇ ਹਨ। ਉਹਨਾਂ ਦੱਸਿਆ ਕਿ ਗੈਰ ਸਿੱਖ ਵੀ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਉਹਨਾਂ ਤੋਂ ਇਸ ਦੀ ਕਾਪੀ ਮੰਗੀ ਜਾ ਰਹੀ ਹੈ। ਇਸ ਦੇ ਨਾਲ ਹੀ ਡਾਕਟਰ ਗੁਰਸ਼ਰਨ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਇਸ ਨਾਲ ਜੋੜਿਆ ਜਾ ਸਕੇ।
ਸੰਗਤਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਣਾ ਮਕਸਦ: ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਵਾਈਸ ਚਾਂਸਲਰ ਬੂਟਾ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹ ਥਾਲ ਭੇਟ ਕੀਤਾ ਹੈ। ਉਥੇ ਹੀ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਿੰਘ ਸਾਹਿਬ ਨਾਲ ਵਿਚਾਰਾਂ ਵੀ ਕੀਤੀਆਂ ਤਾਂ ਜੋ ਇਸ ਨੂੰ ਗੁਰਦੁਆਰਾ ਸਾਹਿਬਾਨਾਂ ਵਿੱਚ ਲਗਾ ਕੇ ਵੱਧ ਤੋਂ ਵੱਧ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਦਿੱਤੀ ਜਾਵੇ।