ਮੋਗਾ:ਜਿੱਥੇ ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਇਹਨਾਂ ਚੋਣਾਂ ਨੂੰ ਲੈ ਕੇ ਸਰਪੰਚ ਤੇ ਪੰਚ ਦੇ ਦਾਅਵੇਦਾਰਾਂ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਈ ਪਿੰਡਾਂ ਵਿੱਚ ਤਾਂ ਸਰਬ ਸੰਮਤੀ ਨਾਲ ਪੰਚਾਇਤਾਂ ਵੀ ਚੁਣੀਆਂ ਗਈਆਂ ਹਨ ਪਰ ਦੂਸਰੇ ਪਾਸੇ ਕਈ ਪਿੰਡਾਂ 'ਚ ਚੋਣਾਂ ਨੂੰ ਲੈਕੇ ਸਥਿਤੀ ਤਣਾਅਪੂਰਨ ਦੇਖਣ ਨੂੰ ਮਿਲ ਰਹੀ ਹੈ। ਇਸ ਵਿਚਾਲੇ ਮੋਗਾ ਦੇ ਹਲਕਾ ਧਰਮਕੋਟ 'ਚ ਸਰਪੰਚੀ ਦੇ ਉਮੀਦਵਾਰ ਦੇ ਘਰ 'ਤੇ ਫਾਈਰਿੰਗ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਸਰਪੰਚ ਉਮੀਦਵਾਰ ਦੇ ਘਰ 'ਤੇ ਚੱਲੀਆਂ ਗੋਲੀਆਂ
ਦਰਅਸਲ ਧਰਮਕੋਟ ਦੇ ਪਿੰਡ ਮੁੰਡੀ ਜਮਾਲ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਸਰਪੰਚੀ ਦੇ ਉਮੀਦਵਾਰ ਗੁਰਭੇਜ ਸਿੰਘ ਦੇ ਘਰ ਦੇਰ ਰਾਤ ਅਣਪਛਾਤੇ ਮੋਟਰਸਾਇਕਲ ਸਵਾਰ ਤਿੰਨ ਅਣਪਛਾਤੇ ਹਥਿਆਰਬੰਦ ਵਿਆਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਮੌਕੇ 'ਤੇ ਗੁਰਭੇਜ ਸਿੰਘ ਦੇ ਚਾਚਾ ਸਾਬਕਾ ਸਰਪੰਚ ਤਰਸੇਮ ਸਿੰਘ ਨੇ ਕਿਹਾ ਕਿ ਸਾਨੂੰ ਸਮੁੱਚੇ ਨਗਰ ਦਾ ਪੂਰਾ ਸਹਿਯੋਗ ਹੈ, ਪਰ ਦੇਰ ਰਾਤ ਸਾਡੇ ਘਰ ਅਣਪਛਾਤੇ ਵਿਅਕਤੀਆਂ ਵੱਲੋਂ 5 ਤੋਂ 6 ਫਾਇਰ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜਦੋਂ ਅਸੀਂ ਬਾਹਰ ਨਿਕਲੇ ਤਾਂ ਮੋਟਰਸਾਈਕਲਾਂ 'ਤੇ ਆਏ ਨੌਜਵਾਨ ਭੱਜਣ ਵਿੱਚ ਸਫ਼ਲ ਹੋ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਹਾਰ ਨੂੰ ਦੇਖਦਿਆਂ ਇਹ ਸਭ ਕੁਝ ਸੱਤਾਧਾਰੀ ਪਾਰਟੀ ਵੱਲੋਂ ਕਰਵਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਅਸੀਂ ਧਰਮਕੋਟ ਦੇ ਡੀਐਸਪੀ ਰਮਨ ਕੁਮਾਰ ਅਤੇ ਥਾਣਾ ਫਤਿਹਗੜ੍ਹ ਦੇ ਮੁੱਖ ਅਫਸਰ ਦੇ ਮਸਲਾ ਧਿਆਨ 'ਚ ਲਿਆਂਦਾ ਹੈ। ਜਿਨ੍ਹਾਂ ਵਲੋ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਡੀਐਸਪੀ ਧਰਮਕੋਟ ਨੇ ਸਾਨੂੰ ਭਰੋਸਾ ਦਿਵਾਇਆ ਕੇ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ।