ਬਰਨਾਲਾ:ਧੁੰਦ ਦੇ ਕਹਿਰ ਕਾਰਨ ਬਰਨਾਲਾ-ਲੁਧਿਆਣਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਵਜੀਦਕੇ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਨੌਜਵਾਨ ਮਹਿਲਾ ਲੈਕਚਰਾਰ ਦੀ ਮੌਤ ਹੋ ਗਈ। ਹਾਦਸੇ ਵਿੱਚ ਵੱਖ-ਵੱਖ ਵਾਹਨ ਅੰਦਰ ਸਵਾਰ ਕਈ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਮਹਿਲਾ ਲੈਕਚਰਾਰ ਦੀ ਮੌਤ, ਕਈ ਜ਼ਖ਼ਮੀ (ETV BHARAT) ਪੰਜ ਵਾਹਨਾਂ ਦੀ ਹੋਈ ਆਪਸੀ ਟੱਕਰ
ਇਸ ਹਾਦਸੇ ਵਿੱਚ ਪੰਜ ਦੇ ਕਰੀਬ ਵਾਹਨ ਅੱਗੇ-ਪਿੱਛੇ ਇੱਕ ਦੂਜੇ ਨਾਲ ਟਕਰਾ ਗਏ। ਇਨ੍ਹਾਂ ਵਾਹਨਾਂ ਵਿੱਚ ਇੱਟਾਂ ਨਾਲ ਲੱਦੀ ਟਰੈਕਟਰ ਟਰਾਲੀ, ਟਰੱਕ, ਸਵਾਰੀਆਂ ਨਾਲ ਲੱਦੀ ਪੀਆਰਟੀਸੀ ਬੱਸ, ਕਾਰਾਂ ਅਤੇ ਹੋਰ ਵਾਹਨ ਸ਼ਾਮਲ ਹਨ। ਮੌਕੇ 'ਤੇ ਪਹੁੰਚੀ ਥਾਣਾ ਠੁੱਲੀਵਾਲ ਦੀ ਐੱਸਐੱਚਓ ਕਿਰਨ ਕੌਰ ਨੇ ਦੱਸਿਆ ਕਿ ਇਹ ਹਾਦਸਾ ਧੁੰਦ ਕਾਰਨ ਵਾਪਰਿਆ, ਜਿਸ ਵਿੱਚ ਕਈ ਵਾਹਨ ਆਪਸ ਵਿੱਚ ਟਕਰਾ ਗਏ।
ਜ਼ਬਰਦਸਤ ਸੜਕ ਹਾਦਸਾ (ETV BHARAT) 7 ਲੋਕ ਜ਼ਖ਼ਮੀ,ਇੱਕ ਕੁੜੀ ਦੀ ਮੌਤ
ਪੁਲਿਸ ਮੁਤਾਬਿਕ 7 ਦੇ ਕਰੀਬ ਮਰੀਜ਼ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ ਅਤੇ ਕੁੱਝ ਮਰੀਜ਼ ਨਿੱਜੀ ਹਸਪਤਾਲਾਂ ਵਿੱਚ ਵੀ ਦਾਖਲ ਹਨ, ਮੌਕੇ 'ਤੇ ਹੀ ਇੱਕ ਲੜਕੀ ਦੀ ਮੌਤ ਹੋ ਗਈ, ਜੋ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਖੇੜੀ ਦੀ ਰਹਿਣ ਵਾਲੀ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਅਨੁਪ੍ਰਿਆ ਵਜੋਂ ਹੋਈ ਹੈ । ਲੜਕੀ ਰਾਏਕੋਟ ਸ਼ਹਿਰ ਦੇ ਇੱਕ ਕਾਲਜ ਵਿੱਚ ਲੈਕਚਰਾਰ ਸੀ ਅਤੇ ਡਿਊਟੀ ’ਤੇ ਜਾ ਰਹੀ ਸੀ। ਵੱਧਦੀ ਧੁੰਦ ਨੂੰ ਦੇਖਦੇ ਹੋਏ ਪੁਲਿਸ ਨੇ ਮੌਕੇ 'ਤੇ ਬਚਾਅ ਕਾਰਜ ਚਲਾ ਕੇ ਨੁਕਸਾਨੇ ਵਾਹਨਾਂ ਨੂੰ ਸੜਕ ਤੋਂ ਹਟਾਇਆ ਹੈ।
ਕਈ ਵਾਹਨਾਂ ਦੀ ਹੋਈ ਆਪਸੀ ਟੱਕਰ (ETV BHARAT)
ਹਾਦਸਿਆਂ ਦਾ ਦਿਨ
ਦੱਸ ਦਈਏ ਸੰਘਣੀ ਧੁੰਦ ਕਾਰਣ ਅੱਜ ਪੰਜਾਬ ਵਿੱਚ ਹਾਦਸਿਆਂ ਦਾ ਦਿਨ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂਜਲੰਧਰ, ਅੰਮ੍ਰਿਤਸਰ, ਸੰਗਰੂਰ ਅਤੇ ਬਠਿੰਡਾ ਤੋਂ ਇਲਾਵਾ ਬਰਨਾਲਾ ਵਿੱਚ ਸੜਕੀ ਹਾਦਸੇ ਵਾਪਰੇ ਹਨ। ਜਿਨ੍ਹਾਂ ਨੇ ਹੱਸਦੇ-ਵੱਸਦੇ ਘਰਾਂ ਵਿੱਚ ਮਾਤਮ ਦਾ ਮਹੌਲ ਪੈਦਾ ਕਰ ਦਿੱਤਾ ਹੈ। ਜਿੱਥੇ ਕਈ ਪਰਿਵਾਰਾਂ ਦੇ ਲੋਕ ਇਨ੍ਹਾਂ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ ਉੱਥੇ ਹੀ ਬਹੁਤ ਸਾਰੇ ਲੋਕ ਜ਼ਖ਼ਮੀ ਵੀ ਹੋਏ ਹਨ।