ਸੰਗਰੂਰ : ਆਪਣੀਆਂ ਹੱਕੀ ਮੰਗਾਂ ਨੂੰ ਲੈ ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਸਰਕਾਰ ਵੱਲੋਂ ਕਿਸੇ ਤਰਾਂ ਦੀ ਕੋਈ ਵੀ ਸਾਰ ਨਹੀਂ ਲਈ ਜਾ ਰਹੀ। ਜਿਸ ਦੇ ਚਲਦਿਆਂ ਵੀਰਵਾਰ ਨੂੰ ਕੰਪਿਊਟਰ ਟੀਚਰਾਂ ਵੱਲੋਂ ਲੁਧਿਆਣਾ ਬਠਿੰਡਾ ਨੈਸ਼ਨਲ ਹਾਈਵੇ ਨੂੰ ਜਾਮ ਕਰ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਵਿਚੋਂ ਪੰਜ ਅਧਿਆਪਕ ਭੁੱਖ ਹੜਤਾਲ ਉੱਤੇ ਵੀ ਬੈਠੇ ਹਨ।
ਧਰਨੇ ਲਗਾਉਣ ਲਈ ਮਜ਼ਬੂਰ
ਅਧਿਆਪਕਾਂ ਦਾ ਕਹਿਣਾ ਹੈ ਕਿ ਕਾਰਜਕਾਰੀ ਵਲੋਂ ਦੇਖੀਏ, ਤਾਂ ਪੰਜਾਬ ਦੀ ਆਪ ਸਰਕਾਰ ਦੀ, ਪਿਛਲੀਆਂ ਸਰਕਾਰਾਂ ਨਾਲੋਂ ਵੀ ਮਾੜੀ ਕਾਰਗੁਜ਼ਾਰੀ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਪੰਜਾਬ ਦੇ ਅਧਿਆਪਕਾਂ ਕੋਲ ਆਉਣ ਦਾ ਵੀ ਸਮਾਂ ਨਹੀਂ ਤਾਂ ਇਹੋ ਜਿਹੇ ਮੁੱਖ ਮੰਤਰੀ ਨੂੰ ਪੰਜਾਬ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਭਾਵੇਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਗੱਲ ਕਰੀ ਜਾਵੇ ਜਾਂ ਬੇਰੁਜ਼ਗਾਰੀ ਨੂੰ ਆਮ ਲੋਕਾਂ ਨੂੰ ਉਸੇ ਤਰ੍ਹਾਂ ਹੀ ਧਰਨੇ ਲਗਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸਰਕਾਰ ਵੱਲੋਂ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।
ਆਮ ਆਦਮੀ ਪਾਰਟੀ ਆਪਣੇ ਸਾਰੇ ਵਾਅਦੇ ਭੁੱਲੀ
ਮੀਡੀਆ ਨਾਲ ਗੱਲ ਕਰਦੇ ਹੋਏ ਕੰਪਿਊਟਰ ਅਧਿਆਪਕਾਂ ਨੇ ਕਿਹਾ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਜੋ ਪਿਛਲੀਆਂ ਸਰਕਾਰਾਂ ਵੇਲੇ ਕੰਮ ਨਹੀਂ ਹੋਏ, ਉਹ ਸਾਡੇ ਸਾਰੇ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ। ਕਿਹਾ ਗਿਆ ਸੀ ਕਿ ਸਾਡੀ ਸਰਕਾਰ ਪਿੰਡ ਦੀਆਂ ਸੱਥਾਂ ਤੋਂ ਚੱਲਿਆ ਕਰੇਗੀ, ਤਾਂ ਕਿ ਕਿਸੇ ਆਮ ਆਦਮੀ ਨੂੰ ਚੰਡੀਗੜ੍ਹ ਜਾਂ ਮੰਤਰੀਆਂ ਦੇ ਦਫਤਰਾਂ ਦੇ ਧੱਕੇ ਨਾ ਖਾਣੇ ਪੈਣ। ਪਰ, ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਆਪਣੇ ਸਾਰੇ ਵਾਅਦੇ ਭੁੱਲ ਚੁੱਕੀ ਹੈ। ਉਨ੍ਹਾਂ ਨੇ ਜੋ ਵਾਅਦੇ ਕੀਤੇ ਸੀ, ਕੋਈ ਵੀ ਪੂਰਾ ਨਹੀਂ ਕੀਤਾ। ਇਸ ਨੂੰ ਲੈ ਕੇ ਅਧਿਆਪਕਾਂ ਵੱਲੋਂ ਭੁੱਖ ਹੜਤਾਲ ਕਰਕੇ ਧਰਨੇ 'ਤੇ ਬੈਠਣਾ ਪਿਆ ਹੈ।