ਸ਼੍ਰੀ ਮੁਕਤਸਰ ਸਾਹਿਬ: ਪੰਚਾਇਤੀ ਚੋਣਾਂ ਲਈ ਦਾਖ਼ਲ ਨਾਮਜ਼ਦਗੀਆਂ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਲਾ ਕੇ ਅਤੇ ਰੋਡ ਜਾਮ ਕੀਤਾ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਲੱਗੇ ਪੁਲਿਸ ਵੱਲੋਂ ਬੈਰੀਕੇਡਿੰਗ ਲਾਏ ਗਏ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਮਦੀ ਪਾਰਟੀ ਦੇ ਖਿਲਾਫ ਵੀ ਜੰਮ ਕੇ ਨਾਅਰੇਬੀਜ਼ੀ ਕੀਤੀ ਗਈ।
ਉਮੀਦਵਾਰਾਂ ਕਾਗਜ਼ ਰੱਦ ਕੀਤੇ ਜਾਣ 'ਤੇ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਲੱਗਿਆ ਧਰਨਾ (ETV Bharat (ਪੱਤਰਕਾਰ , ਸ਼੍ਰੀ ਮੁਕਤਸਰ ਸਾਹਿਬ)) 'ਸਰਕਾਰ ਦੇ ਕਹਿਣ 'ਤੇ ਕਾਗਜ਼ ਰੱਦ ਕੀਤੇ ਜਾ ਰਹੇ'
ਦੱਸ ਦਈਏ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਚਾਇਤ ਸਰਪੰਚਾਂ ਦੇ ਉਮੀਦਵਾਰਾਂ ਦੇ ਜਾਣ ਬੁੱਝ ਕੇ ਸਰਕਾਰ ਦੇ ਕਹਿਣ 'ਤੇ ਕਾਗਜ਼ ਰੱਦ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਹੀ ਰੋਸ ਪ੍ਰਦਰਸ਼ਨ ਕਰ ਰਹੇ ਸ਼੍ਰੋਮਣੀ ਅਕਾਲੀ ਦੇ ਆਗੂਆਂ ਦਾ ਕਹਿਣਾ ਕਿ ਇਹ ਧਰਨਾ ਉਦੋਂ ਤੱਕ ਰਹੇਗਾ ਜਦੋਂ ਤੱਕ ਸਰਕਾਰ ਵੱਲੋਂ ਸਾਡੀਆਂ ਮੰਗਾਂ ਜਾਂ ਪ੍ਰਸ਼ਾਸਨ ਵੱਲੋਂ ਸਾਡੇ ਉਮੀਦਵਾਰਾਂ ਦੇ ਫਾਰਮ ਨਹੀਂ ਬਹਾਲ ਕੀਤੇ ਜਾਂਦੇ।
ਅਕਾਲੀ ਵਰਕਰਾਂ ਦੇ ਕਾਗਜ ਕੈਂਸਲ ਕੀਤੇ
ਉੱਥੇ ਹੀ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿ ਆਮ ਆਦਮੀ ਪਾਰਟੀ ਸਰਕਾਰ ਬੁਖਲਾਹਟ ਵਿੱਚ ਆਈ ਹੋਈ ਹੈ, ਇਨ੍ਹਾਂ ਨੂੰ ਪਤਾ ਹੈ ਕਿ ਸਾਡੇ ਪਿੰਡਾਂ ਵਿੱਚ ਸਰਪੰਚ ਨਹੀਂ ਬਣਨੇ। ਇਸ ਕਰਕੇ ਉਹ ਧੱਕੇਸ਼ਾਹੀ 'ਤੇ ਉਤਰੀ ਹੋਈ ਹੈ। ਇਸ ਤੋਂ ਨਿਕੰਮਾ ਮੁੱਖ ਮੰਤਰੀ ਹਾਲੇ ਤੱਕ ਨਹੀਂ ਦੇਖਿਆ। ਨਾਲ ਹੀ ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਇਹ ਸਿਰਫ ਕਾਗਜ਼ੀ ਸਰਪੰਚ ਹਨ, ਇਨ੍ਹਾਂ ਨੂੰ ਕਿਸੇ ਨੇ ਸਰਪੰਚ ਨਹੀਂ ਮੰਨਣਾ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਅਸੀਂ ਹਾਈਕੋਰਟ ਜਾਵਾਂਗੇ ਅਤੇ ਨਾਲ ਹੀ ਜਿਨਾਂ ਅਧਿਕਾਰੀਆਂ ਨੇ ਸਾਡੇ ਵਰਕਰਾਂ ਦੇ ਕਾਗਜ਼ ਰੱਦ ਕੀਤੇ ਹਨ, ਉਨ੍ਹਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ।
ਸੁਖਬੀਰ ਬਾਦਲ ਪਹਿਲੀ ਵਾਰ ਸਾਹਮਣੇ ਆਏ
ਦੱਸ ਦਈਏ ਕਿ ਪੰਚਾਇਤੀ ਚੋਣਾਂ ਲਈ ਦਾਖ਼ਲ ਨਾਮਜ਼ਦਗੀਆਂ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਧਰਨੇ ਦੀ ਅਗਵਾਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ। ਇਸ ਤੋਂ ਪਹਿਲਾਂ ਬਠਿੰਡਾ ਰੋਡ 'ਤੇ ਸਥਿਤ ਗੁਰਦੁਆਰਾ ਤਰਨਤਾਰਨ ਸਾਹਿਬ ਵਿਖੇ ਇਕੱਠੇ ਹੋਏ ਸੀ। ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਏ ਐਲਾਨੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਅੱਜ ਪਹਿਲੀ ਵਾਰ ਸਾਹਮਣੇ ਆਏ ਹਨ।