ਫਤਿਹਗੜ੍ਹ ਸਾਹਿਬ: ਸਰਹਿੰਦ ਦੇ "ਰਿਆਸਤ-ਏ-ਰਾਣਾ" ਹੋਟਲ ਵੱਲੋਂ ਇੱਕ ਸਮੇਂ ਦੌਰਾਨ 251 ਅੰਮ੍ਰਿਤਸਰ ਕੁਲਚੇ ਦੀਆਂ ਵੱਖ-ਵੱਖ ਕਿਸਮਾਂ ਤਿਆਰ ਕਰਕੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਇੱਕ ਨਵਾਂ ਰਿਕਾਰਡ ਦਰਜ ਕੀਤਾ ਹੈ। ਇੰਡੀਆ ਬੁੱਕ ਆਫ ਰਿਕਾਰਡਜ ਦੀ ਨਿਰਨਾਇਕ ਕਿਰਨ ਕੌਰ ਜੰਡੂ ਵੱਲੋਂ ਖੁਦ ਉਨ੍ਹਾਂ ਦੇ ਹੋਟਲ ਵਿੱਚ ਪਹੁੰਚ ਕੇ ਰਿਕਾਰਡ ਸਰਟੀਫਿਕੇਟ, ਮੈਡਲ ਅਤੇ ਬੈਚ ਦੇ ਕੇ ਹੋਟਲ ਦੇ ਮਾਲਕ ਡਾਕਟਰ ਹਤਿੰਦਰ ਸੂਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
251 ਵੱਖ-ਵੱਖ ਕਿਸਮਾਂ ਦੇ ਅੰਮ੍ਰਿਤਸਰ ਕੁਲਚੇ :ਇਸ ਮੌਕੇ ਗੱਲਬਾਤ ਕਰਦੇ ਹੋਏ ਇੰਡੀਆ ਬੁੱਕ ਆਫ ਰਿਕਾਰਡਜ ਦੀ ਨਿਰਨਾਇਕ ਕਿਰਨ ਕੌਰ ਜੰਡੂ ਨੇ ਕਿਹਾ ਕਿ ਡਾਕਟਰ ਹਤਿੰਦਰ ਸੂਰੀ ਵੱਲੋਂ 251 ਵੱਖ-ਵੱਖ ਕਿਸਮਾਂ ਦੇ ਅੰਮ੍ਰਿਤਸਰ ਕੁਲਚੇ ਤਿਆਰ ਕਰਕੇ ਦੁਨੀਆਂ ਭਰ ਵਿੱਚ ਇੱਕ ਵੱਖਰਾ ਰਿਕਾਰਡ ਤਾਂ ਬਣਾਇਆ ਹੀ ਹੈ। ਉੱਥੇ ਹੀ ਉਨ੍ਹਾਂ ਨੇ ਗੁਰੂ ਪੂਰਨਿਮਾ ਦੇ ਦਿਹਾੜੇ 'ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਇਹ ਕੁਲਚੇ ਖਵਾ ਕੇ ਵੱਡੇ ਪੁੰਨ ਦਾ ਕੰਮ ਕੀਤਾ ਗਿਆ ਹੈ। ਜਿਸ ਲਈ ਉਹ ਉਨ੍ਹਾਂ ਨੂੰ ਰਿਕਾਰਡ ਬਣਾਉਣ 'ਤੇ ਵਧਾਈ ਵੀ ਦਿੰਦੇ ਹਨ।