ਸ੍ਰੀ ਫ਼ਤਹਿਗੜ੍ਹ ਸਾਹਿਬ: ਜਿਲ੍ਹੇ ਵਿੱਚ ਮੌਜੂਦ ਇਤਿਹਾਸਕ "ਜਹਾਜ ਹਵੇਲੀ," ਜੋ ਦੀਵਾਨ ਟੋਡਰ ਮੱਲ ਦੀ ਰਿਹਾਇਸ਼ ਗਾਹ ਵਜੋਂ ਜਾਣੀ ਜਾਂਦੀ ਹੈ, ਦੀ ਮੁੜ ਸਾਂਭ ਸੰਭਾਲ ਦਾ ਕੰਮ ਜਾਰੀ ਹੈ। ਇਸ ਕੰਮ ਦੀ ਪੜਚੋਲ ਕਰਨ ਲਈ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਦਾ ਵਿਸ਼ੇਸ਼ ਵਫਦ ਅਮਰੀਕਾ ਅਤੇ ਕੈਨੇਡਾ ਤੋਂ ਪਹੁੰਚਿਆ ਹੈ।
ਦੀਵਾਨ ਟੋਡਰ ਮੱਲ ਦੀ 'ਜਹਾਜ ਹਵੇਲੀ' (Etv Bharat) ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ, ਬਹਾਦਰ ਸਿੰਘ ਨੇ ਦੱਸਿਆ ਕਿ ਉਸਾਰੀ ਦਾ ਕੰਮ ਜੰਗੀ ਪੱਧਰ 'ਤੇ ਚਲਾਇਆ ਜਾ ਰਿਹਾ ਹੈ ਪਰ ਕੁਝ ਕਾਨੂੰਨੀ ਰੁਕਾਵਟਾਂ ਕਾਰਨ ਇਸ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤਾਂ"ਜਹਾਜ ਹਵੇਲੀ"ਦੇ ਦਰਸ਼ਨ ਕਰਨ ਆਉਂਦੀਆਂ ਹਨ। ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਫਾਊਂਡੇਸ਼ਨ ਇਸ ਕੰਮ ਨੂੰ ਜਲਦੀ ਪੂਰਾ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ।
ਦੀਵਾਨ ਟੋਡਰ ਮੱਲ ਦੀ 'ਜਹਾਜ ਹਵੇਲੀ' (Etv Bharat) 1911 ਦੀ ਤਸਵੀਰ ਦੇ ਹਵਾਲੇ ਤੋਂ ਕੀਤੀ ਜਾ ਰਹੀ ਉਸਾਰੀ
ਬਹਾਦਰ ਸਿੰਘ ਨੇ ਦੱਸਿਆ ਕਿ 1911 ਵਿੱਚ ਇੱਕ ਅੰਗਰੇਜ਼ ਨੇ "ਜਹਾਜ ਹਵੇਲੀ" ਦੀ ਤਸਵੀਰ ਲਈ ਸੀ, ਜੋ ਹੁਣ ਬ੍ਰਿਟਿਸ਼ ਲਾਈਬ੍ਰੇਰੀ, ਲੰਡਨ ਵਿੱਚ ਮਿਲੀ ਹੈ। ਇਸ ਤਸਵੀਰ ਅਨੁਸਾਰ, 90% ਇਮਾਰਤ ਉਸ ਵੇਲੇ ਮੌਜੂਦ ਸੀ ਪਰ ਅੱਜ 80% ਹਿੱਸਾ ਢਹਿ ਚੁੱਕਾ ਹੈ। ਫਾਊਂਡੇਸ਼ਨ ਹੁਣ ਇਸ ਹਵੇਲੀ ਨੂੰ ਮੂਲ ਤਸਵੀਰ ਅਨੁਸਾਰ ਪੁਰਾਣੇ ਸਰੂਪ ਵਿੱਚ ਲਿਆਉਣ ਦੀ ਯੋਜਨਾ ਤਿਆਰ ਕਰ ਚੁੱਕੀ ਹੈ। ਨਾਲ ਹੀ 'ਜਹਾਜ ਹਵੇਲੀ' ਵਿੱਚ ਇੱਕ ਵਿਸ਼ੇਸ਼ ਅਜਾਇਬਘਰ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਦੀਵਾਨ ਟੋਡਰ ਮੱਲ ਜੀ ਦੀ ਵਿਰਾਸਤ ਸੰਭਾਲੀ ਜਾਵੇਗੀ।
ਦੀਵਾਨ ਟੋਡਰ ਮੱਲ ਦੀ 'ਜਹਾਜ ਹਵੇਲੀ' (Etv Bharat) ਜਹਾਜ ਹਵੇਲੀ ਦਾ ਇਤਿਹਾਸ
ਦੀਵਾਨ ਟੋਡਰ ਮੱਲ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ, ਜਿਸ ਨੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸਸਕਾਰ ਲਈ ਸੰਸਾਰ ਦੀ ਸਭ ਤੋਂ ਮਹਿੰਗੀ ਜ਼ਮੀਨ ਸ਼੍ਰੀ ਫਤਹਿਗੜ੍ਹ ਸਾਹਿਬ 'ਚ ਖ਼ਰੀਦੀ। ਦੀਵਾਨ ਟੋਡਰ ਮੱਲ ਦੀ ਇਸ ਦੇਣ ਨਾਲ ਉਹ ਸਿੱਖ ਪੰਥ ਦੀਆਂ ਅਤਿ ਆਦਰਯੋਗ ਸ਼ਖ਼ਸੀਅਤਾਂ ਵਿੱਚ ਸ਼ਾਮਲ ਹੋ ਗਏ। ਦੀਵਾਨ ਟੋਡਰ ਮੱਲ ਦੇ ਜਨਮ ਸਥਾਨ, ਖ਼ਾਨਦਾਨ, ਜੀਵਨ ਅਤੇ ਵਾਰਸਾਂ ਬਾਰੇ ਇਤਿਹਾਸ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ।
ਉਹ ਸਰਹਿੰਦ ਸੂਬੇ ਦੇ ਅਮੀਰ ਵਪਾਰੀ ਅਤੇ ਦਰਬਾਰੀ ਸਨ। ਜਦੋਂ 13 ਦਸੰਬਰ 1704 ਨੂੰ ਪਾਪੀ ਵਜ਼ੀਰ ਖ਼ਾਨ ਦੇ ਹੁਕਮ ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤਾਂ ਦੀਵਾਨ ਟੋਡਰ ਮੱਲ ਨੇ ਉਨ੍ਹਾਂ ਦੇ ਅੰਤਮ ਸਸਕਾਰ ਲਈ 78000 ਦੇ ਕਰੀਬ ਅਸ਼ਰਫ਼ੀਆਂ (780 ਕਿੱਲੋ ਸੋਨਾ) ਵਿਛਾ ਕੇ ਖ਼ਰੀਦੀ ਅਤੇ ਇਸ ਥਾਂ 'ਤੇ ਹੀ ਤਿੰਨਾਂ ਪਵਿੱਤਰ ਦੇਹਾਂ ਦਾ ਸਸਕਾਰ ਕੀਤਾ ਗਿਆ ਸੀ। ਇਸ ਤਰ੍ਹਾਂ ਦੀਵਾਨ ਟੋਡਰ ਮੱਲ ਜੀ ਸਾਕਾ ਸਰਹੰਦ ਦੇ ਨਾਇਕ ਬਣੇ। ਸਿੱਖ ਕੌਮ ਸਿਰ ਸਦੀਵੀ ਕਰਜ਼ ਚਾੜ੍ਹਨ ਵਾਲੀ ਬਹਾਦਰ ਅਤੇ ਨੇਕ-ਦਿਲ ਇਸ ਸ਼ਖ਼ਸੀਅਤ ਨੂੰ ਹਮੇਸ਼ਾ ਯਾਦ ਕਰਦੀ ਹੈ। ਉਨ੍ਹਾਂ ਦੀ ਜਹਾਜ ਹਵੇਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹਿੰਦ ’ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖ਼ਸ਼ੀ ਗਈ।