ਬਰਨਾਲਾ:ਬਰਨਾਲਾ ਵਿਖੇ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੇ ਹੱਕ ਵਿੱਚ ਚੋਣ ਰੈਲੀ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਤੇ ਚੋਣ ਰੈਲੀ ਵਿੱਚ ਹਾਜ਼ਰ ਹੋਏ। ਮੁੱਖ ਮੰਤਰੀ ਮਾਨ ਨੇ ਪਾਰਟੀ ਵਰਕਰਾਂ ਵਿੱਚ ਜੋਸ਼ ਭਰਿਆ। ਚੋਣ ਰੈਲੀ ਤੋਂ ਪਹਿਲਾਂ ਨੌਜਵਾਨਾਂ ਵਲੋਂ ਕੱਢੀ ਗਈ ਇੱਕ ਮੋਟਰਸਾਈਕਲ ਰੈਲੀ ਕੱਢੀ ਗਈ।
'ਪੰਜਾਬ ਦੀਆਂ ਸਾਰੀਆਂ ਸੀਟਾਂ ਉਪਰ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ':ਰੈਲੀ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਜਿੱਥੇ ਵਿਰੋਧੀਆਂ ਨੂੰ ਨਿਸ਼ਾਨੇ ਉਪਰ ਲਿਆ, ਉਥੇ ਮੁੜ ਸੰਗਰੂਰ ਸਮੇਤ ਪੰਜਾਬ ਦੀਆਂ ਸਾਰੀਆਂ ਸੀਟਾਂ ਉਪਰ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ। ਉਥੇ ਨਾਲ ਹੀ ਮੀਤ ਹੇਅਰ ਅਤੇ ਕੈਬਨਿਟ ਮੰਤਰੀ ਵਲੋਂ ਸੰਗਰੂਰ ਉਪਰ ਮੁੜ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਗਿਆ। ਉਥੇ ਉਹਨਾਂ ਸੁਖਪਾਲ ਖਹਿਰਾ ਉਪਰ ਝੂਠ ਦੀ ਰਾਜਨੀਤੀ ਕਰਨ ਦੇ ਇਲਜ਼ਾਮ ਲਗਾਏ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਅੱਜ ਦੀ ਰੈਲੀ ਵਿੱਚ ਨੌਜਵਾਨਾਂ ਅਤੇ ਵਰਕਰਾਂ ਦਾ ਜੋਸ਼ ਬਹੁਤ ਜਿਆਦਾ ਸੀ। ਇਸ ਇਕੱਠ ਨੇ ਮੁੜ ਸਾਬਿਤ ਕਰ ਦਿੱਤਾ ਹੈ ਕਿ ਸੰਗਰੂਰ ਆਮ ਆਦਮੀ ਪਾਰਟੀ ਦੀ ਗੜ੍ਹ ਸੀ ਅਤੇ ਰਹੇਗਾ। ਉਹਨਾ ਕਿਹਾ ਕਿ ਸੰਗਰੂਰ ਹਲਕੇ ਦੇ ਲੋਕ 1 ਜੂਨ ਵੋਟਾਂ ਦੇ ਦਿਨ ਦਾ ਇੰਤਜ਼ਾਰ ਕਰ ਰਹੇ ਹਨ ਅਤੇ 4 ਜੂਨ ਨੂੰ ਮੁੜ ਇਸ ਸੀਟ ਉਪਰ ਆਪ ਦਾ ਝੰਡਾ ਝੂਲੇਗਾ।