ਲੁਧਿਆਣਾ:ਰਵਨੀਤ ਬਿੱਟੂ ਦੇ ਕਰੀਬੀ ਰਾਜੀਵ ਰਾਜਾ ਦੀ ਗ੍ਰਿਫ਼ਤਾਰੀ 'ਤੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਇੱਕ ਪਾਸੇ ਤਾਂ ਭਾਜਪਾ ਨੇ ਇਸ ਨੂੰ ਸਿਆਸੀ ਬਦਲਾਖੋਰੀ ਦਾ ਨਤੀਜਾ ਦੱਸਿਆ ਹੈ। ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਇਸ ਨੂੰ ਕਾਨੂੰਨੀ ਕਾਰਵਾਈ ਕਰਾਰ ਦਿੱਤਾ। ਆਮ ਆਦਮੀ ਪਾਰਟੀ ਦੇ ਐਮਐਲਏ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਪਹਿਲਾਂ ਤਾਂ ਭਾਜਪਾ ਇਹ ਰੌਲਾ ਪਾਉਂਦੀ ਰਹੀਂ ਕਿ ਕਾਨੂੰਨੀ ਵਿਵਸਥਾ ਠੀਕ ਨਹੀਂ ਹੁਣ ਜਦੋਂ ਪੁਲਿਸ ਕੰਮ ਕਰ ਰਹੀ ਹੈ ਅਤੇ ਗ੍ਰਿਫ਼ਤਾਰੀਆਂ ਹੋ ਰਹੀਆਂ ਨੇ ਤਾਂ ਇਨ੍ਹਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
ਐਮਐਲਏ ਅਸ਼ੋਕ ਪੱਪੀ (ETV Bharat) 'ਗ੍ਰਿਫ਼ਤਾਰੀ ਦਾ ਹੁੰਦਾ ਹੈ ਕਾਰਣ'
ਐਮਐਲਏ ਪੱਪੀ ਨੇ ਕਿਹਾ ਕਿ, 'ਪੁਲਿਸ ਬਿਨਾਂ ਗੱਲ ਤੋਂ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਬਕਾਇਦਾ ਉਹਨਾਂ ਕੋਲ ਕੋਈ ਸਬੂਤ ਹੋਵੇਗਾ, ਇਸੇ ਕਰਕੇ ਉਹਨਾਂ ਨੇ ਇਹ ਗ੍ਰਿਫ਼ਤਾਰੀ ਕੀਤੀ। ਇਸ ਦੇ ਤਾਰ ਕਿਤੇ ਹੋਰ ਹੀ ਨਾ ਨਿਕਲ ਆਉਣ। ਆਮ ਆਦਮੀ ਪਾਰਟੀ ਕਦੇ ਵੀ ਕੋਈ ਗਲਤ ਕੰਮ ਨਹੀਂ ਕਰਦੀ। ਸਾਡਾ ਕੰਮ ਕਿਸੇ ਨੂੰ ਫਸਾਉਣਾ ਜਾਂ ਕਢਾਉਣਾ ਨਹੀਂ ਹੈ। ਕਾਨੂੰਨ ਆਪਣਾ ਕੰਮ ਕਰ ਰਿਹਾ ਅਤੇ ਕਾਨੂੰਨ ਦੇ ਮੁਤਾਬਿਕ ਹੀ ਕਾਰਵਾਈ ਹੋਈ ਹੈ। ਜੇਕਰ ਕੋਈ ਕਿਸੇ ਤੋਂ ਫਿਰੌਤੀ ਮੰਗਦਾ ਹੈ ਜਾਂ ਕੋਈ ਗਲਤ ਕੰਮ ਕਰਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਜ਼ਰੂਰ ਹੋਵੇਗੀ।'
ਮੰਤਰੀ ਬਿੱਟੂ ਦਾ ਬਿਆਨ ਵੀ ਆਇਆ ਸੀ ਸਾਹਮਣੇ
ਮਾਮਲੇ ਸਬੰਧੀ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਇਹ ਸਿਰਫ਼ ਸਿਆਸੀ ਬਦਲਾਖੋਰੀ ਤਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਸ਼ਰਮਨਾਕ ਹਾਰ ਹੋਈ ਹੈ। ਬਿੱਟੂ ਨੇ ਕਿਹਾ ਦਿੱਲੀ ਹਾਰ ਤੋਂ ਬਾਅਦ ਮੇਰੇ ਕਰੀਬੀਆਂ ਨੂੰ ਜਾਣ ਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੱਸ ਦਈਏ ਮਾਮਲਾ ਜ਼ਿਲ੍ਹੇ ਦੇ ਇੱਕ ਕਾਰੋਬਾਰੀ ਤੋਂ 30 ਲੱਖ ਦੀ ਫਿਰੌਤੀ ਮੰਗਣ ਦੇ ਹੈ। ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਰਾਜੀਵ ਰਾਜਾ ਨੂੰ ਲੁਧਿਆਣਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਕੋਰਟ ਨੇ ਰਾਜੀਵ ਰਾਜਾ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਦੱਸ ਦਈਏ ਕਿ ਰਾਜੀਵ ਰਾਜਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਕਰੀਬੀ ਹਨ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।