ਪੰਜਾਬ

punjab

ETV Bharat / state

ਸਿੱਖਿਆ ਵਿਭਾਗ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਖੋਲ੍ਹਿਆ ਸਕੂਲ, ਅਚਾਨਕ ਪੈ ਗਈ ਰੇਡ, ਜਾਣੋ ਅੱਗੇ ਕੀ ਹੋਇਆ - RAID ON LUDHIANA SCHOOL

ਸਰਕਾਰ ਵੱਲੋਂ ਸਰਦੀਆਂ ਦੀਆਂ ਛੁੱਟੀਆਂ 7 ਜਨਵਰੀ ਤੱਕ ਵਧਾਉਣ ਦੇ ਬਾਵਜੂਦ ਉਕਤ ਸਕੂਲ ਅੱਜ ਨਿਯਮਿਤ ਤੌਰ 'ਤੇ ਖੁੱਲ੍ਹਾ ਰਿਹਾ ਅਤੇ ਕਲਾਸਾਂ ਚੱਲ ਰਹੀਆਂ ਸਨ।

LUDHIANA SCHOOL RAID
ਛੁੱਟੀਆਂ ਦੇ ਬਾਵਜੂਦ ਵੀ ਖੁੱਲ੍ਹੇ ਸਕੂਲ 'ਤੇ ਅਚਾਨਕ ਪਈ ਰੇਡ (ETV Bharat ਗ੍ਰਾਫ਼ਿਕਸ ਟੀਮ)

By ETV Bharat Punjabi Team

Published : Jan 2, 2025, 7:17 PM IST

ਲੁਧਿਆਣਾ: ਸਰਕਾਰ ਦੇ ਹੁਕਮਾਂ ਨੂੰ ਛਿੱਕੇ 'ਤੇ ਲਟਕਾਉਣਾ ਕੁਝ ਪ੍ਰਾਈਵੇਟ ਸਕੂਲਾਂ ਦੀ ਆਦਤ ਬਣ ਗਈ ਹੈ। ਇਸ ਦਾ ਤਾਜ਼ਾ ਮਾਮਲਾ ਸ਼੍ਰੀ ਮਤੀ ਅੱਕੀ ਬਾਈ ਓਸਵਾਲ ਵਿੱਦਿਆ ਮੰਦਰ ਬਰਾਡ ਰੋਡ ਨਾਲ ਸਬੰਧਿਤ ਹੈ, ਜਿੱਥੇ ਸਰਕਾਰ ਵੱਲੋਂ ਸਰਦੀਆਂ ਦੀਆਂ ਛੁੱਟੀਆਂ 7 ਜਨਵਰੀ ਤੱਕ ਵਧਾਉਣ ਦੇ ਬਾਵਜੂਦ ਉਕਤ ਸਕੂਲ ਅੱਜ ਨਿਯਮਿਤ ਤੌਰ 'ਤੇ ਖੁੱਲ੍ਹਾ ਰਿਹਾ ਅਤੇ ਕਲਾਸਾਂ ਚੱਲ ਰਹੀਆਂ ਸਨ। ਇਸ ਸਬੰਧੀ ਕਿਸੇ ਨੇ ਤੁਰੰਤ ਸਿੱਖਿਆ ਵਿਭਾਗ ਨੂੰ ਸੂਚਿਤ ਕੀਤਾ, ਜਿਸ 'ਤੇ ਕਾਰਵਾਈ ਕਰਦਿਆਂ ਡੀਈਓ ਐਲੀਮੈਂਟਰੀ ਰਵਿੰਦਰ ਕੌਰ ਨੇ ਬੀਪੀਈਓ ਲੁਧਿਆਣਾ 2 ਪਰਮਜੀਤ ਸਿੰਘ ਦੀ ਅਗਵਾਈ ਹੇਠ ਚੈਕਿੰਗ ਟੀਮ ਸਕੂਲ ਦੀ ਚੈਕਿੰਗ ਲਈ ਭੇਜੀ।

ਛੁੱਟੀਆਂ ਦੇ ਬਾਵਜੂਦ ਵੀ ਖੁੱਲ੍ਹੇ ਸਕੂਲ 'ਤੇ ਅਚਾਨਕ ਪਈ ਰੇਡ (ETV Bharat)

ਸਕੂਲ 'ਤੇ ਮਾਰਿਆ ਛਾਪਾ

ਜਾਣਕਾਰੀ ਮੁਤਾਬਿਕ ਜਦੋਂ ਟੀਮ ਚੈਕਿੰਗ ਲਈ ਸਕੂਲ ਪਹੁੰਚੀ ਤਾਂ ਕੁੱਝ ਜਮਾਤਾਂ ਵਿੱਚ ਵਿਦਿਆਰਥੀ ਬਕਾਇਦਾ ਪੜ੍ਹ ਰਹੇ ਸਨ ਅਤੇ ਅਧਿਆਪਕ ਵੀ ਜਮਾਤਾਂ ਵਿੱਚ ਮੌਜੂਦ ਸਨ। ਟੀਮ ਨੇ ਸਕੂਲ ਪ੍ਰਿੰਸੀਪਲ ਤੋਂ ਸਰਕਾਰ ਦੇ ਹੁਕਮਾਂ ਦੇ ਉਲਟ ਸਕੂਲ ਖੋਲ੍ਹਣ ਦਾ ਕਾਰਨ ਪੁੱਛਿਆ ਅਤੇ ਲਿਖਤੀ ਸਪੱਸ਼ਟੀਕਰਨ ਲੈਣ ਤੋਂ ਬਾਅਦ ਬੱਚਿਆਂ ਅਤੇ ਅਧਿਆਪਕਾਂ ਨੂੰ ਸਕੂਲ ਵਿੱਚੋਂ ਛੁੱਟੀ ਦੇ ਦਿੱਤੀ ਗਈ।

ਕੀ ਹੋਵੇਗੀ ਕਾਰਵਾਈ?

ਉਧਰ ਸਕੂਲ ਪ੍ਰਿੰਸੀਪਲ ਅਨੁਸਾਰ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਹੀ ਬੁਲਾਇਆ ਗਿਆ ਸੀ ਪਰ ਟੀਮ ਨੇ ਵਿਭਾਗੀ ਹੁਕਮਾਂ ਨੂੰ ਲਾਗੂ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਛੁੱਟੀ ਦੇ ਦਿੱਤੀ ਹੈ ਅਤੇ ਸਕੂਲ ਨੂੰ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਰਿਪੋਰਟ ਵਿਭਾਗ ਨੂੰ ਭੇਜ ਦਿੱਤੀ ਹੈ। ਡੀਈਓ ਰਵਿੰਦਰ ਕੌਰ ਨੇ ਕਿਹਾ ਕਿ ਜਿਹੜੇ ਸਕੂਲ ਸਰਕਾਰ ਦੇ ਹੁਕਮਾਂ ਦੇ ਉਲਟ ਖੋਲ੍ਹੇ ਜਾਣਗੇ, ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਦੀ ਸਰਕਾਰ ਨੂੰ ਸਿਫਾਰਸ਼ ਕੀਤੀ ਜਾਵੇਗੀ।

ਛੁੱਟੀਆਂ 'ਚ ਵਾਧਾ

ਤੁਹਾਨੂੰ ਦੱਸ ਦਈਏ ਕਿ ਠੰਡ ਦੇ ਸੀਜ਼ਨ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਛੁੱਟੀਆਂ ਨੂੰ ਹੋਰ ਵਧਾ ਦਿੱਤਾ ਜਾਵੇ। ਪਹਿਲਾਂ ਨਵੇਂ ਸਾਲ 'ਤੇ ਸਰਕਾਰ ਵੱਲੋਂ 1 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਸਨ। ਉਸ ਤੋਂ ਬਾਅਦ ਇਹਨਾਂ ਛੁੱਟੀਆਂ ਦੇ ਵਿੱਚ ਇਜਾਫਾ ਕਰ ਦਿੱਤਾ ਗਿਆ ਅਤੇ ਸਾਰੇ ਹੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਹੁਕਮਾਂ ਦੀ ਪਾਲਣਾ ਕਰਨ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਸਨ। ਪਿਛਲੇ ਸਾਲ ਵੀ ਠੰਡ ਪੈਣ ਕਰਕੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਸਮਾਂ ਵਧਾ ਦਿੱਤਾ ਗਿਆ ਸੀ ਅਤੇ ਕਈ ਸਕੂਲਾਂ ਵੱਲੋਂ ਨਿਯਮਾਂ ਦੀਆਂ ਉਲੰਘਣਾ ਵੀ ਕੀਤੀ ਗਈ ਸੀ, ਜਿਸ ਨੂੰ ਲੈ ਕੇ ਸਿੱਖਿਆ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਸੀ।

ABOUT THE AUTHOR

...view details