ਹੁਸ਼ਿਆਰਪੁਰ:ਬੀਤੇ ਦਿਨੀਂ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਵਿੱਚ ਫਰਜ਼ੀ ਭਰਤੀ ਘੁਟਾਲੇ ਦਾ ਪਰਦਾਫਾਸ਼ ਕੀਤਾ। 102 ਨੌਜਵਾਨਾਂ ਨੂੰ ਸੂਬਾ ਪੁਲਿਸ ਵਿੱਚ ਦਰਜਾ-4 ਕਰਮਚਾਰੀਆਂ ਵਜੋਂ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਕੁੱਲ 26,02,926 ਦੀਆਂ ਰਿਸ਼ਵਤਾਂ ਲੈਣ ਦੇ ਇਲਜ਼ਾਮ ਹੇਠ ਪੰਜਾਬ ਪੁਲਿਸ ਦੇ ਹੇਠਲੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੰਜਾਬ ਵਿਜੀਲੈਂਸ ਬਿਓਰੋ ਨੇ ਜਿਸ ਵਿਅਕਤੀ ਦੀ ਸ਼ਿਕਾਇਤ ਤੇ ਇਸ ਘੁਟਾਲੇ ਦਾ ਪਰਦਾਫਾਸ਼ ਕੀਤਾ ਸੀ ਉਹ ਵਿਅਕਤੀ ਸੁਰਿੰਦਰ ਸਿੰਘ ਪੁੱਤਰ ਕਾਬਲ ਰਾਮ ਪਿੰਡ ਨੰਗਲਾਂ ਤਹਿਸੀਲ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਿਤ ਹੈ।
ਪੈਸੇ ਦੇਣ ਤੋਂ ਇਨਕਾਰ: ਆਪਣੇ ਨਾਲ ਹੋਈ ਠੱਗੀ ਬਾਰੇ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸਨੂੰ 2021 ਦੇ ਵਿੱਚ ਕਿਸੇ ਰਿਸ਼ਤੇਦਾਰ ਨੇ ਆਪਣੇ ਬੱਚਿਆਂ ਨੂੰ ਪੁਲਿਸ ਵਿੱਚ ਭਰਤੀ ਕਰਵਾਉਣ ਦੇ ਲਈ ਤਰਲੋਚਨਪਾਲ ਦੇ ਨਾਲ ਸੰਪਰਕ ਕਰਵਾਇਆ ਸੀ। ਜਿਸਦੇ ਉਪਰੰਤ ਉਨ੍ਹਾਂ ਨੂੰ 2 ਲੱਖ 75 ਹਜ਼ਾਰ ਰੁਪਏ ਦੀ ਨਗਦੀ ਪੁਲਿਸ ਵਿੱਚ ਦਰਜ-4 ਦੀ ਭਰਤੀ ਲਈ ਦਿੱਤਾ ਸੀ। ਸੁਰਿੰਦਰ ਸਿੰਘ ਨੇ ਦੱਸਿਆ ਕਿ ਲੰਬਾ ਸਮਾਂ ਬੀਤ ਜਾਣ ਤੋਂ ਬਾਵਜੂਦ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀ ਨਹੀਂ ਮਿਲੀ ਤਾਂ ਉਨ੍ਹਾਂ ਪੈਸਿਆਂ ਦੀ ਮੰਗ ਕੀਤੀ ਪ੍ਰੰਤੂ ਉਨ੍ਹਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।