ਅੰਮ੍ਰਿਤਸਰ:ਗੁਰੂ ਨਗਰੀ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ 'ਚ ਬੀਤੇ ਦਿਨ ਕਨਵੋਕੇਸ਼ਨ ਸਮਾਰੋਹ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਹੁੰਚੇ। ਜਿੰਨ੍ਹਾਂ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਅਤੇ ਨਾਲ ਹੀ ਉਹਨਾਂ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਮੈਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਪ੍ਰਣਾਮ ਕਰਦਾ ਹਾਂ ਅਤੇ ਇਸ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦਾ ਵੀ ਧੰਨਵਾਦ ਕਰਦਾ ਹਾਂ।
ਪੰਜਾਬ ਵਿੱਚ ਵੱਧ ਰਿਹਾ ਨਸ਼ਾ ਚਿੰਤਾ
ਉਥੇ ਹੀ ਰਾਜਪਾਲ ਕਟਾਰੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਮੈਂ ਡਿਗਰੀ ਸਮਾਰੋਹ ਵਿੱਚ ਪਹੁੰਚਿਆ ਹਾਂ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਪੰਜਾਬ ਵਿੱਚ ਕੈਂਸਰ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਦੇ ਇਲਾਜ ਲਈ ਬੰਦੇ ਹਲ ਕਰਨ ਦੀ ਲੋੜ ਹੈ। ਉਥੇ ਹੀ ਉਨ੍ਹਾਂ ਨੇ ਨਸ਼ੇ ਦੀ ਦਲਦਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਸ਼ਾ ਪੰਜਾਬ ਵਿੱਚ ਲਗਾਤਾਰ ਵਧਦਾ ਜਾ ਰਿਹਾ। ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਹਨ। ਇਹ ਬੇਹੱਦ ਮੰਦਭਾਗੀ ਗੱਲ ਹੈ।
SGPC ਪ੍ਰਧਾਨ ਧਾਮੀ ਨੇ ਵੀ ਘੇਰੀ ਸਰਕਾਰ (ਅੰਮ੍ਰਿਤਸਰ ਪੱਤਰਕਾਰ) ਹਰਜਿੰਦਰ ਧਾਮੀ ਨੇ ਪੰਜਾਬ ਦੇ ਹਲਾਤਾਂ 'ਤੇ ਪ੍ਰਗਟਾਈ ਚਿੰਤਾ
ਉਥੇ ਹੀ ਗੁਰੂ ਨਗਰੀ ਪਹੁੰਚਣ 'ਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਰਾਜਪਾਲ ਕਟਾਰੀਆ ਦਾ ਧਨਵਾਦ ਕੀਤਾ ਅਤੇ ਨਾਲ ਹੀ ਉਹਨਾਂ ਨੇ ਰਾਜਪਾਲ ਵੱਲੋਂ ਚੁੱਕੇ ਗਏ ਨਸ਼ੇ ਦੇ ਮੁੱਦੇ ਨੂੰ ਵੀ ਗੰਭੀਰ ਦੱਸਿਆ। ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਹਿਲਾਂ ਕਹਿੰਦੇ ਸੀ ਕਿ ਅਕਾਲੀ ਸਰਕਾਰ ਦੇ ਵੇਲੇ ਨਸ਼ਾ ਬਹੁਤ ਵਿਕਦਾ ਸੀ, ਬਾਅਦ ਵਿੱਚ ਕਾਂਗਰਸ ਸਰਕਾਰ ਦੇ ਵੇਲੇ ਵੀ ਬਹੁਤ ਵਿਕਦਾ ਸੀ, ਪਰ ਹੁਣ ਜਦ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਹੈ ਹੁਣ ਤਾਂ ਹੱਦ ਹੀ ਹੋ ਗਈ, ਘਰ ਘਰ ਦੇ ਵਿੱਚ ਨਸ਼ਾ ਪਹੁੰਚ ਚੁਕਾ ਹੈ।
ਉਹਨਾਂ ਨੇ ਕਿਹਾ ਕਿ ਮੇਰੀ ਇੱਕ ਪੁਲਿਸ ਅਫਸਰ ਦੇ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਜਦੋਂ ਸਰਹਦ ਪਾਰ ਤੋਂ ਨਸ਼ਾ ਆਉਂਦਾ ਸੀ ਤਾਂ ਅੱਗੇ ਚਲਾ ਜਾਂਦਾ ਸੀ, ਪਰ ਹੁਣ ਜਦ ਵੀ ਸਰਹੱਦ ਪਾਰ ਤੋਂ ਨਸ਼ਾ ਆਉਂਦਾ ਹੈ। ਪੰਜਾਬ ਤੋਂ ਅੱਗੇ ਨਹੀਂ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਨੇ, ਅਤੇ ਪੰਜਾਬ ਸਰਕਾਰ ਜੌ ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰਦੇ ਸੀ ਉਹ ਝੂਠੀ ਹੈ।
ਸਿੱਖ ਵਿਰੋਧੀ ਤਾਕਤਾਂ
ਇਸ ਮੌਕੇ ਐਸਜੀਪੀਸੀ ਪ੍ਰਧਾਨ ਨੇ ਸਮਾਜ ਸੇਵੀ ਸ਼ਹੀਦ ਸਿੱਖ ਜਸਵੰਤ ਸਿੰਘ ਖਾਲੜਾ 'ਤੇ ਬਣੀ ਦਿਲਜੀਤ ਦੋਸਾਂਝ ਦੀ ਫਿਲਮ ਦੇ ਉੱਤੇ ਬੋਲਦੇ ਹੋਏ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਕਿ ਫਿਲਮ ਵਿੱਚ ਹੁਣ ਤੱਕ 100 ਤੋਂ ਜਿਆਦਾ ਕੱਟ ਲਗਵਾਏ ਗਏ ਨੇ, ਉਹਨਾਂ ਨੇ ਕਿਹਾ ਕਿ ਇਹ ਸਿੱਖਾਂ ਦੇ ਨਾਲ ਨਾ ਇਨਸਾਫੀ ਹੈ। ਉਥੇ ਹੀ ਕੰਗਣਾ ਦੀ ਫਿਲਮ ਐਮਰਜੰਸੀ ਨੂੰ ਲਗਾਤਾਰ ਰਿਲੀਜ਼ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੋ ਕਿ ਗਲਤ ਗੱਲ ਹੈ। ਉਹਨਾਂ ਕਿਹਾ ਕਿ ਸਿੱਖ ਵਿਰੋਧੀ ਕੰਗਨਾ ਅਤੇ ਸਿੱਖ ਵਿਰੋਧੀ ਫ਼ਿਲਮਾਂ ਬਣਨ ਅਤੇ ਉਹਨਾਂ ਨੂੰ ਚਲਾਉਣ ਉੱਤੇ ਬੈਨ ਲੱਗ ਜਾਣਾ ਚਾਹੀਦਾ ਹੈ। ਜੇਕਰ ਐਮਰਜੰਸੀ ਨੂੰ ਰਿਲੀਜ਼ ਕਰਨਾ ਹੈ ਤਾਂ ਇਸ ਨੂੰ ਪਹਿਲਾਂ ਐਸਜੀਪੀਸੀ ਨੂੰ ਦਿਖਾਉਣਾ ਚਾਹੀਦਾ ਹੈ।