ਚੰਡੀਗੜ੍ਹ:ਪੈਰਿਸ ਓਲੰਪਿਕ 2024 'ਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੇਨ ਨੂੰ 2-1 ਨਾਲ ਮਾਤ ਦਿੱਤੀ ਹੈ। ਇਸ ਦੇ ਚੱਲਦੇ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕਰ ਲਿਆ ਹੈ। ਕਰੀਬ 50 ਸਾਲ ਬਾਅਦ ਇਹ ਦੂਜੀ ਵਾਰ ਹੈ ਜਦੋਂ ਭਾਰਤੀ ਹਾਕੀ ਟੀਮ ਨੇ ਲਗਾਤਾਰ ਦੋ ਓਲੰਪਿਕ ਖੇਡਾਂ 'ਚ ਕਾਂਸੀ ਦਾ ਤਗਮਾ ਇਕੱਠੇ ਹੀ ਹਾਸਲ ਕੀਤਾ ਹੋਵੇ। ਉਥੇ ਹੀ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਜਿਥੇ ਹਾਕੀ ਟੀਮ ਦੀ ਜਿੱਤ 'ਤੇ ਵਧਾਈ ਦਿੱਤੀ ਹੈ ਤਾਂ ਉਥੇ ਹੀ ਪੰਜਾਬ ਦੇ ਹਾਕੀ ਖਿਡਾਰੀਆਂ ਲਈ ਨਕਦ ਇਨਾਮ ਰਾਸ਼ੀ ਦਾ ਐਲਾਨ ਵੀ ਕਰ ਦਿੱਤਾ।
ਮੁੱਖ ਮੰਤਰੀ ਨੇ ਦਿੱਤੀ ਵਧਾਈ:ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਐਕਸ 'ਤੇ ਪੋਸਟ ਕਰਦਿਆਂ ਲਿਖਿਆ ਕਿ, ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕਸ ਵਿੱਚ ਇਤਿਹਾਸ ਰਚਦਿਆਂ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਮੈਡਲ ਜਿੱਤਿਆ...ਪੈਰਿਸ ਵਿਖੇ ਭਾਰਤ ਨੇ ਚੌਥਾ ਓਲੰਪਿਕਸ ਮੈਡਲ ਜਿੱਤਿਆ ਹੈ...ਸਾਰੀ ਹਾਕੀ ਟੀਮ ਨੂੰ ਮੁਬਾਰਕਾਂ...ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਕਪਤਾਨ ਹਰਮਨਪ੍ਰੀਤ ਸਿੰਘ ਤੇ ਵਾਈਸ ਕਪਤਾਨ ਹਾਰਦਿਕ ਸਿੰਘ ਸਮੇਤ 10 ਪੰਜਾਬੀ ਖਿਡਾਰੀ ਸਨ... ਟੀਮ ਦਾ ਹਰ ਖਿਡਾਰੀ ਜੀਅ ਜਾਨ ਨਾਲ ਖੇਡਿਆ...ਚੱਕ ਦੇ ਇੰਡੀਆ।
ਪੰਜਾਬ ਦੇ ਖਿਡਾਰੀਆਂ ਨੂੰ ਮਿਲੇਗਾ ਇੱਕ ਕਰੋੜ: ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਐਕਸ ਪੋਸਟ 'ਚ ਲਿਖਿਆ ਕਿ, ਸੂਬੇ ਦੀ ਖੇਡ ਨੀਤੀ ਦੇ ਤਹਿਤ ਕਾਂਸੀ ਦਾ ਤਗਮਾ ਜਿੱਤਣ ਵਾਲੇ ਪੰਜਾਬ ਦੇ ਸਾਰੇ ਖਿਡਾਰੀਆਂ ਨੂੰ 1 ਕਰੋੜ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।