ਲੁਧਿਆਣਾ:ਅੱਧਾ ਦਸੰਬਰ ਲੰਘਣ ਦੇ ਬਾਅਦ ਵੀ ਹਾਲੇ ਲੋਕ ਠੰਢ ਦਾ ਇੰਤਜ਼ਾਰ ਕਰ ਰਹੇ ਹਨ, ਪਰ ਹੁਣ ਇਹ ਇੰਤਜ਼ਾਰ ਖ਼ਤਮ ਹੋਣ ਵਾਲਾ ਹੈ। ਪੰਜਾਬ 'ਚ ਮੌਸਮ ਅੰਦਰ ਆਉਣ ਵਾਲੇ ਦਿਨਾਂ 'ਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਲੋਕਾਂ ਨੂੰ ਦਿਨ ਸਮੇਂ ਜੋ ਸੂਰਜ ਦੀ ਤਪਿਸ਼ ਮਹਿਸੂਸ ਹੋ ਰਹੀ ਸੀ, ਉਹ ਆਉਣ ਵਾਲੇ ਦਿਨਾਂ 'ਚ ਘੱਟ ਜਾਵੇਗੀ ਅਤੇ ਸ਼ੀਤ ਲਹਿਰ ਚੱਲਣ ਦੇ ਨਾਲ ਲੋਕਾਂ ਨੂੰ ਠੰਢ ਮਹਿਸੂਸ ਹੋਵੇਗੀ। ਜੇਕਰ ਮੌਜੂਦਾ ਟੈਂਪਰੇਚਰ ਦੀ ਗੱਲ ਕੀਤੀ ਜਾਵੇ ਤਾਂ ਦਿਨ ਦਾ ਟੈਂਪਰੇਚਰ ਲਗਭਗ 20 ਡਿਗਰੀ ਦੇ ਨੇੜੇ ਅਤੇ ਰਾਤ ਦਾ ਟੈਂਪਰੇਚਰ ਲਗਭਗ 7 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਜੋ ਕਿ ਆਮ ਨਾਲੋਂ ਘੱਟ ਹੈ।
ਮੌਸਮ ਵਿਭਾਗ ਦਾ ਕੀ ਕਹਿਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਦੇ ਮੁਖੀ ਡਾਕਟਰ ਪਵਨੀਤ ਕੌਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੀਤ ਲਹਿਰ ਚੱਲੇਗੀ। ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕੋਲਡ ਡੇਜ਼ ਆਉਣ ਵਾਲੇ ਦਿਨਾਂ 'ਚ ਵੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕਣਕ ਦੀ ਫਸਲ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਹ ਮੌਸਮ ਕਾਫੀ ਢੁੱਕਵਾਂ ਹੈ। ਠੰਡ ਵਿੱਚ ਰੱਬੀ ਦੀਆਂ ਫਸਲਾਂ ਜਿਆਦਾ ਚੰਗੀਆਂ ਹੁੰਦੀਆਂ ਹਨ। ਉਹਨਾਂ ਕਿਹਾ ਕਿ ਦਿਨ ਦੇ ਟੈਂਪਰੇਚਰ ਦੇ ਵਿੱਚ ਹੁਣ ਤੋਂ ਹੀ ਫ਼ਰਕ ਵੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਠੰਢ ਵਧੇਗੀ ਅਤੇ ਦਿਨ ਦਾ ਟੈਂਪਰੇਚਰ ਹੇਠਾਂ ਜਾਵੇਗਾ ਅਤੇ ਸਰਦ ਹਵਾਵਾਂ ਚੱਲਣਗੀਆਂ।