ਵਧੇ ਤਾਪਮਾਨ ਕਾਰਨ ਸਬਜ਼ੀਆਂ ਦੇ ਭਾਅ ਹੋਏ ਦੁਗਣੇ (ETV BHARAT) ਬਠਿੰਡਾ: ਪਿਛਲੇ ਕਰੀਬ ਇੱਕ ਮਹੀਨੇ ਤੋਂ ਪੈ ਰਹੀ ਕਹਿਰ ਦੀ ਗਰਮੀ ਦਾ ਅਸਰ ਹੁਣ ਮਨੁੱਖ ਦੇ ਨਾਲ-ਨਾਲ ਉਸ ਦੀ ਜੇਬ੍ਹ ਉੱਤੇ ਪੈਣਾ ਸ਼ੁਰੂ ਹੋ ਗਿਆ ਹੈ। ਲਗਾਤਾਰ ਪੈ ਰਹੀ ਗਰਮੀ ਕਾਰਨ ਸਬਜ਼ੀਆਂ ਦੇ ਭਾਅ ਦੁੱਗਣੇ ਹੋ ਗਏ ਹਨ ਅਤੇ ਕਈ ਸੂਬਿਆਂ ਵਿੱਚ ਹਰੀਆਂ ਸਬਜ਼ੀਆਂ ਗਰਮੀ ਕਾਰਨ ਬਰਬਾਦ ਹੋ ਰਹੀਆਂ ਹਨ। ਗਰਮੀਆਂ ਕਾਰਨ ਸਬਜ਼ੀਆਂ ਖਰਾਬ ਹੋਣ ਕਾਰਨ ਮੰਡੀਆਂ ਵਿੱਚ ਸਮਝੀ ਦੀ ਆਮਦ ਘਟ ਗਈ ਹੈ, ਜਿਸ ਕਾਰਨ ਮੰਡੀ ਵਿੱਚ ਸਬਜ਼ੀਆਂ ਦੇ ਰੇਟ ਕਈ ਗੁਣਾ ਵੱਧ ਗਏ ਹਨ।
ਸਬਜ਼ੀਆਂ 'ਤੇ ਗਰਮੀ ਦੀ ਮਾਰ: ਇਸ ਸਬੰਧੀ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਭੀਮ ਚੰਦ ਦਾ ਕਹਿਣਾ ਹੈ ਕਿ ਇਸ ਵਾਰ ਗਰਮੀ ਦਾ ਕਹਿਰ ਆਮ ਮਨੁੱਖ ਦੇ ਨਾਲ- ਨਾਲ ਉਸ ਦੀ ਜੇਬ੍ਹ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਸਬਜ਼ੀਆਂ ਦੇ ਭਾਅ ਜਿੱਥੇ ਤਿੰਨ ਗੁਣਾ ਵਧ ਗਏ ਹਨ, ਉਥੇ ਹੀ ਦੂਸਰੇ ਸੂਬਿਆਂ ਤੋਂ ਆਉਣ ਵਾਲੇ ਪਿਆਜ ਅਤੇ ਆਲੂ ਦੀਆਂ ਕੀਮਤਾਂ ਵਿੱਚ ਵੀ ਇਜਾਫਾ ਹੋਇਆ ਹੈ। ਉਹਨਾਂ ਕਿਹਾ ਕਿ ਰਾਜਸਥਾਨ ਵਿੱਚ ਤਾਪਮਾਨ ਵੱਧਣ ਕਾਰਨ ਪਿਆਜ ਦੀ ਫਸਲ ਬਰਬਾਦ ਹੋ ਗਈ ਹੈ, ਜਿਸ ਕਾਰਨ ਹੁਣ ਸਾਰੇ ਦੇਸ਼ ਨੂੰ ਮਹਾਰਾਸ਼ਟਰ ਤੋਂ ਪਿਆਜ ਮੰਗਵਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕਦਮ ਡਿਮਾਂਡ ਵੱਧਣ ਕਾਰਨ ਪਿਆਜ਼ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਵਧੇ ਤਾਪਮਾਨ ਕਾਰਨ ਸਬਜ਼ੀਆਂ ਦੇ ਭਾਅ ਹੋਏ ਦੁਗਣੇ (ETV BHARAT)
ਸਬਜ਼ੀਆਂ 'ਤੇ ਵੀ ਮੌਸਮ ਦੀ ਮਾਰ ਪੈ ਰਹੀ ਹੈ। ਕਈ ਸੂਬਿਆਂ 'ਚ ਵੱਧ ਰਹੇ ਤਾਪਮਾਨ ਕਾਰਨ ਸਬਜ਼ੀਆਂ ਪੱਕਣ ਤੋਂ ਪਹਿਲਾਂ ਖ਼ਰਾਬ ਹੋ ਰਹੀਆਂ ਹਨ। ਜਿਸ ਕਾਰਨ ਸਬਜ਼ੀਆਂ ਬਾਜ਼ਾਰ 'ਚ ਘੱਟ ਆਉਂਦੀਆਂ ਹਨ। ਇਸ ਨਾਲ ਬਾਜ਼ਾਰ 'ਚ ਸਬਜ਼ੀ ਤਾਂ ਘੱਟ ਆ ਰਹੀ ਪਰ ਉਸ ਦੀ ਮੰਗ ਪਹਿਲਾਂ ਦੀ ਤਰ੍ਹਾਂ ਹੀ ਹੈ। ਜਿਸ ਕਾਰਨ ਸਬਜ਼ੀਆਂ ਦੀ ਕੀਮਤ 'ਚ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਹਰੀ ਸਬਜ਼ੀ ਦੀ ਗੱਲ ਕੀਤੀ ਜਾਵੇ ਤਾਂ ਉਹ ਮੌਸਮ ਨਾਲ ਜਲਦੀ ਪ੍ਰਭਾਵਿਤ ਹੋ ਜਾਂਦੀ ਹੈ। -ਭੀਮ ਚੰਦ, ਪ੍ਰਧਾਨ, ਸਬਜ਼ੀ ਮੰਡੀ ਐਸੋਸੀਏਸ਼ਨ
ਹਿਮਾਚਲ ਦੇ ਵਪਾਰੀ ਚੁੱਕ ਰਹੇ ਲਾਹਾ: ਉਨ੍ਹਾਂ ਕਿਹਾ ਕਿ ਹਾਲੇ ਨਵੀਂ ਫਸਲ ਆਉਣ ਦੀ ਕੋਈ ਉਮੀਦ ਨਹੀਂ ਹੈ, ਜਿਸ ਕਾਰਨ ਵਪਾਰੀ ਲੋੜ ਅਨੁਸਾਰ ਹੀ ਪਿਆਜ ਮੰਗਵਾ ਰਹੇ ਹਨ ਅਤੇ ਰਿਟੇਲ ਵਿੱਚ ਵੀ ਆਮ ਗਾਹਕ ਲੋੜ ਅਨੁਸਾਰ ਹੀ ਪਿਆਜ ਖਰੀਦ ਰਿਹਾ ਹੈ। ਪੰਜਾਬ ਵਿੱਚ ਹਿਮਾਚਲ ਤੋਂ ਸਬਜ਼ੀ ਆ ਰਹੀ ਹੈ ਪਰ ਪੰਜਾਬ ਦੀ ਲੋਕਲ ਮੰਡੀਆਂ ਵਿੱਚ ਗਰਮੀਆਂ ਦੇ ਪ੍ਰਕੋਪ ਕਾਰਨ ਹਰੀਆਂ ਸਬਜ਼ੀਆਂ ਦੀ ਸਪਲਾਈ ਨਾ ਹੋਣ ਕਾਰਨ ਹਿਮਾਚਲ ਦੇ ਵਪਾਰੀਆਂ ਵੱਲੋਂ ਵੀ ਹਰੀਆਂ ਸਬਜ਼ੀਆਂ ਦੇ ਰੇਟ ਵਧਾ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹਿਮਾਚਲ ਦੇ ਕਿਸਾਨ ਅਤੇ ਵਪਾਰੀ ਇਸ ਮੌਕੇ ਦਾ ਪੂਰਾ ਲਾਭ ਲੈ ਰਹੇ ਹਨ। ਭੀਮ ਚੰਦ ਨੇ ਕਿਹਾ ਕਿ ਲੋਕਾਂ ਵੱਲੋਂ ਵੀ ਹੁਣ ਲੋੜ ਅਨੁਸਾਰ ਹਰੀਆਂ ਸਬਜ਼ੀਆਂ ਅਤੇ ਆਲੂ ਪਿਆਜ ਖਰੀਦੇ ਜਾ ਰਹੇ ਹਨ।
ਵਪਾਰੀਆਂ ਨੂੰ ਵੀ ਆ ਰਹੀਆਂ ਦਿੱਕਤਾਂ: ਸਬਜ਼ੀ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਭੀਮ ਚੰਦ ਦਾ ਕਹਿਣਾ ਹੈ ਕਿ ਗਰਮੀ ਦਾ ਅਸਰ ਵਪਾਰੀਆਂ 'ਤੇ ਵੀ ਪੈ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੂੰ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿੱਥੇ ਉਹਨਾਂ ਵੱਲੋਂ ਰੋਜ਼ 100 ਨਗ ਦੀ ਸੇਲ ਕੀਤੀ ਜਾਂਦੀ ਸੀ, ਉੱਥੇ ਹੀ ਕੀਮਤਾਂ ਵੱਧਣ ਕਾਰਨ ਇਹ ਸੇਲ 50 ਤੋਂ 60 ਨਗ ਰਹਿ ਗਈ ਹੈ। ਭੀਮ ਚੰਦ ਨੇ ਕਿਹਾ ਕਿ ਫਿਲਹਾਲ ਕੀਮਤਾਂ ਘੱਟਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ।