ਸਿੱਖ ਜੱਥੇਬੰਦੀਆਂ ਅਤੇ ਪੰਥਕ ਧਿਰਾਂ ਇੱਕ ਮੰਚ 'ਤੇ ਹੋਈਆਂ ਇਕੱਠੀਆਂ (Etv Bharat Bathinda) ਬਠਿੰਡਾ: 2024 ਦੀਆਂ ਲੋਕ ਸਭਾ ਚੋਣਾਂ ਦੇ ਚੋਣ ਨਤੀਜੇ ਆਉਣ ਤੋਂ ਬਾਅਦ ਪੰਜਾਬ ਦਾ ਸਿਆਸੀ ਮਾਹੌਲ ਠੰਡਾ ਹੋਣ ਦੀ ਬਜਾਏ ਮੁੜ ਭੱਖਦਾ ਜਾ ਰਿਹਾ ਹੈ। ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ੁਰੂ ਹੋਏ ਅੰਦਰੂਨੀ ਕਲੇਸ਼ ਤੋਂ ਬਾਅਦ ਅੱਜ ਬਠਿੰਡਾ ਵਿਖੇ ਦੋ ਦਰਜਨ ਦੇ ਕਰੀਬ ਸਿੱਖ ਜੱਥੇਬੰਦੀਆਂ ਅਤੇ ਪੰਥਕ ਧਿਰਾਂ ਵੱਲੋਂ ਪ੍ਰੈੱਸ ਕਾਨਫਰੰਸ ਕਰ 2027 ਦੀਆਂ ਵਿਧਾਨ ਸਭਾ ਚੋਣਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਭਾਗ ਲੈਣ ਦਾ ਐਲਾਨ ਕਰ ਦਿੱਤਾ।
ਪੰਥਕ ਸ਼ਕਤੀ ਪੂਰੀ ਤਰ੍ਹਾਂ ਕਾਇਮ: ਭਾਈ ਗੁਰਦੀਪ ਸਿੰਘ ਬਠਿੰਡਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਹਿਲਾਂ ਹੋ ਸਮੂਹ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਜਿਨਾਂ ਵੱਲੋਂ ਖੰਡੂਰ ਸਾਹਿਬ ਅਤੇ ਫਰੀਦਕੋਟ ਸੀਟ ਉਨ੍ਹਾਂ ਸਿਆਸੀ ਪਾਰਟੀਆਂ ਨੂੰ ਖੁੱਡੇ ਲੈਣ ਲਾ ਕੇ ਪੰਥ ਦੀ ਝੋਲੀ ਪਾਈ। ਜਿਨ੍ਹਾਂ ਵੱਲੋਂ ਹਮੇਸ਼ਾ ਪੰਥ ਅਤੇ ਪੰਜਾਬ ਦੇ ਹਿੱਤਾਂ ਨੂੰ ਦਰਕਿਨਾਰ ਕਰਕੇ ਚੋਣਾਂ ਲੜੀਆਂ ਗਈਆਂ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਸ ਜਿੱਤ ਨਾਲ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਗੁਰਾਂ ਦੇ ਨਾਮ 'ਤੇ ਵੱਸਦਾ ਹੈ ਪੰਥਕ ਜਜਬੇ ਅਤੇ ਪੰਥਕ ਸ਼ਕਤੀ ਪੂਰੀ ਤਰ੍ਹਾਂ ਕਾਇਮ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜਿੰਮੇਵਾਰ ਬਾਦਲ ਪਰਿਵਾਰ ਸਮੇਤ ਕੁਝ ਹੋਰ ਰਾਜਸੀ ਲੁਟੇਰਿਆਂ ਨੂੰ ਰੱਦ ਕਰਕੇ ਨਵੀਂ ਪੰਥਕ ਰਾਜਨੀਤੀ ਦੇ ਆਧਰ ਨੂੰ ਅਪਣਾਇਆ ਜਾ ਰਿਹਾ ਹੈ।
ਸਿਆਸੀ ਪਾਰਟੀਆਂ ਤੋਂ ਛੁਟਕਾਰਾ:ਸਥਾਪਿਤ ਰਾਜਸੀ ਪਾਰਟੀਆਂ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਜਿਹੜੀਆਂ ਆਪਸੀ ਵਿਰੋਧ ਦਾ ਵਿਖਾਵਾ ਕਰਦੀਆਂ ਹਨ ਪਰੰਤੂ ਅੰਦਰ ਗਤੀ ਲੁੱਟ ਕਰਨ ਲਈ ਇੱਕ ਹਨ। ਇਸ ਲਈ ਪੰਜਾਬ ਦੇ ਲੋਕ ਨਵਾਂ ਬਦਲ ਲੱਭ ਰਹੇ ਹਨ ਇਸ ਨਵੇਂ ਬਦਲ ਦੇ ਰੂਪ ਵਿੱਚ ਪੰਜਾਬ ਦੀਆਂ ਸੰਘਰਸ਼ਸ਼ੀਲ ਜੱਥੇਬੰਦੀਆਂ ਦਲਿਤ ਭਾਈਚਾਰਾ ਕਿਸਾਨ ਜੱਥੇਬੰਦੀਆਂ ਪੰਜਾਬ ਪੱਖੀ ਹਿੰਦੂ ਭਾਈਚਾਰੇ ਨਾਲ ਸਾਂਝ ਮਜਬੂਤ ਕਰਕੇ ਨਵੇਂ ਪੰਜਾਬ ਦੀ ਸਿਰਜਣਾ ਲਈ ਜੱਥੇਬੰਦ ਕਰਨ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਹਾਰੇ ਹੋਏ ਰਵਨੀਤ ਸਿੰਘ ਬਿੱਟੂ ਕੈਬਨਿਟ ਮੰਤਰੀ ਬਣਾਉਣਾ ਅਤੇ ਜਿੱਤੇ ਹੋਏ ਪਾਰਲੀਮੈਂਟ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਐਨ.ਐਸ.ਏ. ਵਿੱਚ ਵਾਧਾ ਕਰਨਾ ਪੰਜਾਬ ਦੇ ਲੋਕਾਂ ਦੀ ਜਮਹੂਰੀ ਆਵਾਜ਼ ਅਤੇ ਲੋਕਤੰਤਰ ਦਾ ਕਤਲ ਹੈ। ਜਿਸ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਜਿੰਮੇਵਾਰ ਹੈ। ਇਹ ਲੁਟੇਰੀਆ ਸਿਆਸੀ ਪਾਰਟੀਆਂ ਤੋਂ ਛੁਟਕਾਰਾ ਪਾਉਣ ਲਈ ਹੁਣ ਪੰਥਕ ਧਿਰਾਂ ਅਤੇ ਧਾਰਮਿਕ ਸਿਆਸੀ ਧਿਰਾਂ ਵੱਲੋਂ ਇੱਕ ਮੰਚ ਤੇ ਇਕੱਠੇ ਹੋ ਕੇ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ।
ਫੈਸਲਾਕੁੰਨ ਸੰਘਰਸ਼ ਲੜ੍ਹਨ ਦਾ ਵੀ ਐਲਾਨ: ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਪੰਜਾਬ ਪੰਜਾਬੀਅਤ ਅਤੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਇੱਕ ਮੰਚ ਤੇ ਇਕੱਠੇ ਹੋ ਕੇ ਆਉਂਦੀਆਂ ਚੋਣਾਂ ਲੜੀਆਂ ਜਾਣਗੀਆਂ। ਇਨ੍ਹਾਂ ਆਗੂਆਂ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਲਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁਲਜ਼ਮਾਂ ਲਈ ਸਖ਼ਤ ਸਜਾਵਾਂ ਲਈ ਸ਼ਾਂਤੀਪੂਰਵਕ ਅਤੇ ਸੰਵਿਧਾਨਕ ਢੰਗਾਂ ਰਾਹੀਂ ਮਜ਼ਬੂਤ ਲੋਕ ਲਹਿਰ ਬਣਾ ਕੇ ਫੈਸਲਾਕੁੰਨ ਸੰਘਰਸ਼ ਲੜ੍ਹਨ ਦਾ ਵੀ ਐਲਾਨ ਕੀਤਾ। ਇਸਦੀ ਸਮੁੱਚੀ ਰੂਪ ਰੇਖਾ ਆਉਂਦੇ ਦਿਨਾਂ ਵਿੱਚ ਐਲਾਨ ਕਰ ਦਿੱਤੀ ਜਾਵੇਗੀ।
ਸ਼ੇਰ ਏ ਪੰਜਾਬ ਅਕਾਲੀ ਦਲ ਦੇ ਆਗੂ : ਇਸ ਮੌਕੇ ਸ਼ੇਰੇ ਪੰਜਾਬ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ, ਬਲਵਿੰਦਰ ਸਿੰਘ, ਤਰੁਣ ਜੈਨ ਬਾਵਾ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਭਾਈ ਜਸਵੀਰ ਸਿੰਘ ਰੋਡੇ, ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਬਰ ਸ਼੍ਰੋਮਣੀ ਕਮੇਟੀ, ਬਾਬਾ ਸਵਰਨਜੀਤ ਸਿੰਘ ਮੁੱਖੀ ਤਰਨਾ ਦਲ, ਸ਼੍ਰੋਮਣੀ ਅਕਾਲੀ ਦਲ ਫ਼ਤਹਿ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਕੌਮੀ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ, ਸੁਤੰਤਰ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਹੌਲੀ, ਅਖੰਡ ਕੀਰਤਨੀ ਜੱਥੇ ਦੇ ਆਗੂ ਹਾਕਮ ਸਿੰਘ , ਸ਼ੇਰੇ ਪੰਜਾਬ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅੰਗਰੇਜ਼ ਸਿੰਘ ਗੋਰਾ, ਸ਼ੇਰੇ ਪੰਜਾਬ ਨਰੇਗਾ ਯੂਨੀਅਨ ਦੇ ਪ੍ਰਧਾਨ ਬੱਗਾ ਸਿੰਘ, ਸੁਰਿੰਦਰ ਸਿੰਘ ਨਥਾਣਾ, ਜੋਬਨਪ੍ਰੀਤ ਸਿੰਘ ਪੂਹਲਾ, ਬਾਬਾ ਸਤਿਨਾਮ ਸਿੰਘ ਦਿਅਆਲਪੁਰਾ ਮਿਰਜਾ, ਸੈਨਿਕ ਵਿਗ ਦੇ ਪ੍ਰਧਾਨ ਸੂਬੇਦਾਰ ਜਗਦੇਵ ਜਗਦੇਵ ਸਿੰਘ, ਬਾਬਾ ਸੋਨੀ ਦਮਦਮਾ ਸਾਹਿਬ, ਹਰਪਾਲ ਸਿੰਘ, ਮਨਪਰੀਤ ਸਿੰਘ, ਸੁਖਪ੍ਰੀਤ ਸਿੰਘ, ਬਾਬਾ ਲੱਛਾ ਸਿੰਘ ਜੀ,ਵਾਰਿਸ਼ ਪੰਜਾਬ ਜੱਥੇਬੰਦੀ ਨਾਲ ਸਬੰਧਿਤ ਵਰਕਰ ਸੰਦੀਪ ਸਿੰਘ ਸੁਖਨਾ, ਲੱਕੀ ਕੋਟਭਾਈ ਸੁਖਜੀਤ ਸਿੰਘ ਡਾਲਾ, ਮੇਜਰ ਸਿੰਘ ਮਲੂਕਾ ਗੁਰਮੀਤ ਸਿੰਘ ਬੱਜੋਆਣਾ, ਕੁਲਵੰਤ ਸਿੰਘ, ਰਮਨਦੀਪ ਸਿੰਘ ਰਮੀਤਾ, ਮਨਦੀਪ ਸਿੰਘ, ਰੇਸ਼ਮ ਸਿੰਘ, ਭੁਪਿੰਦਰ ਸਿੰਘ ਹਾਜ਼ਰ ਸਨ।