ਅੰਮ੍ਰਿਤਸਰ:ਗੁਰੂ ਨਗਰੀ ਅੰਮ੍ਰਿਤਸਰ ਦੇ ਰਾਮਤੀਰਥ ਰੋਡ 'ਤੇ ਪਿੰਡ ਮਾਹਲਾ ਨੇੜੇ ਅੱਤਵਾਦੀ ਅਰਸ਼ਦੀਪ ਸਿੰਘ ਡੱਲਾ ਦੇ ਪੰਜ ਗੁਰਗਿਆਂ ਅਤੇ ਅੰਮ੍ਰਿਤਸਰ ਦੇਹਾਤੀ ਪੁਲਿਸ ਦੇ ਸੀਆਈਏ ਸਟਾਫ਼ ਵਿਚਕਾਰ ਗੋਲੀਆਂ ਚੱਲੀਆਂ। ਇਸ ਦੌਰਾਨ ਇੱਕ ਗੁਰਗੇ ਦੀ ਲੱਤ ਵਿੱਚ ਗੋਲੀ ਵੀ ਵੱਜੀ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਪਤਾ ਲੱਗਾ ਹੈ ਕਿ ਪੁਲਿਸ ਨੇ ਪੰਜਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹਥਿਆਰ ਅਤੇ ਕਾਰ ਬਰਾਮਦ ਹੋਈ ਹੈ।
ਪੁਲਿਸ ਨੇ ਮੁਲਜ਼ਮ ਕੀਤੇ ਕਾਬੂ (ETV BHARAT PUNJAB (ਰਿਪੋਟਰ,ਅੰਮ੍ਰਿਤਸਰ)) ਪੁਲਿਸ ਉੱਤੇ ਕੀਤੀ ਗਈ ਫਾਇਰਿੰਗ
ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਵਿਦੇਸ਼ ਵਿੱਚ ਬੈਠ ਕੇ ਜਬਰੀ ਵਸੂਲੀ ਅਤੇ ਕਤਲ ਵਰਗੀਆਂ ਵਾਰਦਾਤਾਂ ਨੂੰ ਆਪਣੇ ਗੁਰਗਿਆਂ ਰਾਹੀਂ ਅੰਜਾਮ ਦੇਣ ਵਾਲੇ ਅੱਤਵਾਦੀ ਅਰਸ਼ਦੀਪ ਸਿੰਘ ਡੱਲਾ ਦੇ ਗੁਰਗੇ ਰਾਮਤੀਰਥ ਰੋਡ ਤੋਂ ਕਾਰ ਵਿੱਚ ਸਵਾਰ ਹੋ ਕੇ ਨਿਕਲ ਰਹੇ ਹਨ। ਇਸ ਦੇ ਆਧਾਰ 'ਤੇ ਸੀ.ਆਈ.ਏ ਸਟਾਫ ਨੇ ਰੋਡ ਉੱਤੇ ਨਾਕਾਬੰਦੀ ਕਰ ਦਿੱਤੀ। ਪੰਜਾਂ ਮੁਲਜ਼ਮਾਂ ਨੂੰ ਕਾਰ ਵਿੱਚ ਆਉਂਦਾ ਦੇਖ ਕੇ ਉਨ੍ਹਾਂ ਨੇ ਰੁਕਣ ਦਾ ਇਸ਼ਾਰਾ ਕੀਤਾ। ਮੁਲਜ਼ਮ ਕਾਰ ਭਜਾ ਕੇ ਲੈ ਗਏ ਅਤੇ ਪੁਲਿਸ 'ਤੇ ਸਿੱਧੀ ਫਾਇਰਿੰਗ ਵੀ ਸ਼ੁਰੂ ਕਰ ਦਿੱਤੀ।
ਜਵਾਬੀ ਕਾਰਵਾਈ 'ਚ ਇੱਕ ਜ਼ਖ਼ਮੀ,ਬਾਕੀ ਗ੍ਰਿਫ਼ਤਾਰ
ਪੁਲਿਸ ਨੇ ਵੀ ਮੁਲਜ਼ਮਾਂ ਦੀ ਕਾਰ ਦੇ ਪਿੱਛੇ ਆਪਣੇ ਵਾਹਨ ਲਗਾ ਦਿੱਤੇ ਅਤੇ ਕਾਰ ਨੂੰ ਕੁਝ ਦੂਰੀ ’ਤੇ ਘੇਰ ਲਿਆ। ਦੋਵਾਂ ਪਾਸਿਆਂ ਤੋਂ ਕਈ ਰਾਉਂਡ ਫਾਇਰ ਕੀਤੇ ਗਏ। ਅਖੀਰ ਪੁਲਿਸ ਨੇ ਸਾਰਿਆਂ ਨੂੰ ਕਾਬੂ ਕਰ ਲਿਆ। ਜਾਣਕਾਰੀ ਮੁਤਾਬਿਕ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਗੈਂਗਸਟਰ ਦੀ ਲੱਤ 'ਤੇ ਵੀ ਗੋਲੀ ਲੱਗੀ ਹੈ। ਇਸ ਸਬੰਧੀ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕਲੀਅਰ ਵਿਖੇ ਪੁਲਿਸ ਵੱਲੋਂ ਇੱਕ ਸ਼ੱਕੀ ਗੱਡੀ ਉੱਤੇ ਸਵਾਰ ਪੰਜ ਨੌਜਵਾਨਾਂ ਨੂੰ ਨਾਕੇ ਉੱਤੇ ਰੁਕਣ ਲਈ ਕਿਹਾ ਤਾਂ ਪੁਲਿਸ ਉੱਪਰ ਗੱਡੀ ਵਿੱਚ ਸਵਾਰ ਖੁਸ਼ਪ੍ਰੀਤ ਸਿੰਘ ਨੇ ਪੁਲਿਸ ਉੱਤੇ ਫਾਇਰ ਕੀਤਾ। ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਵਿੱਚ ਇੱਕ ਗੈਂਗਸਟਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਅਤੇ ਬਾਕੀ ਚਾਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ
ਖੁਲਾਸੇ ਹੋਣ ਦੀ ਸੰਭਵਨਾ
ਪੰਜਾਂ ਗੈਂਗਸਟਰਾਂ ਕੋਲੋਂ ਪੁਲਿਸ ਵੱਲੋਂ ਇੱਕ 32 ਬੋਰ ਪਿਸਤੌਲ, ਇੱਕ ਵਰਨਾ ਗੱਡੀ ਅਤੇ ਪੰਜ ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਿਕ ਕਾਬੂ ਕੀਤੇ ਗਏ ਇਹ ਪੰਜੇ ਗੈਂਗਸਟਰ ਘਨਸ਼ਾਮਪੁਰ ਗੈਂਗ ਡੋਨੀ ਬੱਲ ਗੈਂਗ ਅਤੇ ਪ੍ਰਭ ਦਸੂਵਾਲ ਗੈਂਗ ਨਾਲ ਸੰਬੰਧਿਤ ਹਨ। ਜਿਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਪੁੱਛਗਿਸਛ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।