ਬਠਿੰਡਾ:ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ਵਿੱਚੋਂ ਬੀਤੀ ਦੇਰ ਰਾਤ ਪਿਸਤੌਲ ਦੀ ਨੋਕ 'ਤੇ ਕਰੇਟਾ ਗੱਡੀ ਖੋਹਣ ਵਾਲੇ ਤਿੰਨ ਨੌਜਵਾਨਾਂ ਨੂੰ ਬਠਿੰਡਾ ਪੁਲਿਸ ਨੇ ਅਸਲੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਨੂੰ ਪੀੜਤ ਮਨੋਜ਼ ਜੈਨ ਪੁੱਤਰ ਸ਼ਾਂਤੀ ਲਾਲ ਜੈਨ ਵਾਸੀ ਟੈਗੋਰ ਨਗਰ ਬਠਿੰਡਾ ਪਾਸੋਂ ਗੁਰਦੁਆਰਾ ਸਾਹਿਬ ਫੇਸ-। ਮਾਡਲ ਟਾਊਨ ਬਠਿੰਡਾ ਨਜ਼ਦੀਕ ਤਿੰਨ ਅਣਪਛਾਤੇ ਮੋਟਰਸਾਇਕਲ ਸਵਾਰ ਨੌਜਵਾਨ ਅਸਲੇ ਦੀ ਨੋਕ 'ਤੇ ਇੱਕ ਕਾਰ ਕਰੇਟਾ ਖੋਹ ਕੇ ਫ਼ਰਾਰ ਹੋ ਗਏ ਸਨ।
ਉਨ੍ਹਾਂ ਦੱਸਿਆ ਕਿ ਲੁੱਟ ਦੀ ਵਾਰਦਾਤ ਦੇ ਮੁਲਜ਼ਮਾਂ ਨੂੰ ਟਰੇਸ ਕਰਨ ਲਈ ਸੀ.ਆਈ.ਏ. ਸਟਾਫ-2, ਥਾਣਾ ਸਿਵਲ ਲਾਇਨ ਅਤੇ ਪੀ.ਸੀ.ਆਰ ਬਠਿੰਡਾ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ। ਇਸ ਦੌਰਾਨ ਚੈਕਿੰਗ ਦੇ ਚੱਲਦਿਆਂ ਬਰਨਾਲਾ-ਮਾਨਸਾ ਰਿੰਗ ਰੋਡ ਬਠਿੰਡਾ ਤੋਂ ਬਿੰਨਾਂ ਨੰਬਰ ਪਲੇਟਾਂ ਤੋਂ ਘੁੰਮ ਰਹੀ ਇੱਕ ਕਰੇਟਾ ਕਾਰ ਵਿੱਚੋਂ ਵਿਕਾਸ ਕੁਮਾਰ ਪੁੱਤਰ, ਦੀਪਕ ਸ਼ਰਮਾ ਅਤੇ ਅਮਨ ਚਾਵਲਾ ਨੂੰ ਸ਼ੱਕੀ ਹਲਾਤਾਂ ਵਿੱਚ ਕਾਬੂ ਕੀਤਾ ਗਿਆ।