ਮੌੜ ਕਤਲ ਕਾਂਡ ਮਾਮਲੇ ਵਿੱਚ ਮੁਲਜ਼ਮ ਗ੍ਰਿਫ਼ਤਾਰ (ETV BHARAT) ਬਠਿੰਡਾ: ਪੰਜਾਬ 'ਚ ਕਾਨੂੰਨ ਵਿਵਸਥਾ ਸਹੀ ਹੋਣ ਦੇ ਦਾਅਵੇ ਪੁਲਿਸ ਕਰਦੀ ਹੈ ਪਰ ਕੋਈ ਨਾ ਕੋਈ ਵਾਰਦਾਤ ਉਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੰਦੀ ਹੈ। ਮਾਮਲਾ ਬਠਿੰਡਾ ਦੇ ਮੌੜ ਮੰਡੀ ਦਾ ਹੈ, ਜਿਥੇ ਬੀਤੀ 7 ਜੁਲਾਈ ਨੂੰ ਟਰੱਕ ਯੂਨੀਅਨ ਨੇੜੇ ਬੇਰਹਿਮੀ ਨਾਲ ਕਤਲ ਕੀਤੇ ਗਏ ਜਸਪਾਲ ਸਿੰਘ ਨਾਮਕ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੇ ਇੱਕ ਔਰਤ ਸਣੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਕਤਲ ਦਾ ਲਿਆ ਸੀ ਬਦਲਾ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਦੀਪਕ ਪਾਰਿਕ ਨੇ ਦੱਸਿਆ ਕਿ ਜਸਪਾਲ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਹਰਜੀਤ ਸਿੰਘ ਅਤੇ ਬਲਵੀਰ ਕੌਰ ਨੂੰ ਗ੍ਰਫਤਾਰ ਕੀਤਾ ਹੈ। ਉਹਨਾਂ ਨੇ ਦੱਸਿਆ ਕਿ 2020 ਵਿੱਚ ਅਮਰਿੰਦਰ ਸਿੰਘ ਨਾਮਕ ਨੌਜਵਾਨ ਦਾ ਕਤਲ ਹੋਇਆ ਸੀ। ਇਸ ਕਤਲ ਮਾਮਲੇ ਵਿੱਚ ਮ੍ਰਿਤਕ ਜਸਪਾਲ ਸਿੰਘ 2021 ਵਿੱਚ ਜ਼ਮਾਨਤ 'ਤੇ ਬਾਹਰ ਆਇਆ ਸੀ, ਜਿਸ ਦੇ ਚੱਲਦੇ ਪੁਰਾਣੀ ਰੰਜਿਸ਼ ਦੇ ਚੱਲਦੇ ਇਹ ਕਤਲ ਕੀਤਾ ਗਿਆ ਹੈ।
ਮਹਿਲਾ ਸਣੇ ਚਾਰ ਮੁਲਜ਼ਮ ਕੀਤੇ ਕਾਬੂ: ਪੁਲਿਸ ਅਧਿਕਾਰੀ ਨੇ ਦੱਸਿਆ ਕਿ 7 ਜੁਲਾਈ ਨੂੰ ਬਲਵੀਰ ਕੌਰ ਵੱਲੋਂ ਸਾਜਿਸ਼ ਅਧੀਨ ਜਸਪਾਲ ਸਿੰਘ ਦਾ ਕਤਲ ਕਰਵਾਇਆ ਗਿਆ। ਪੁਲਿਸ ਵੱਲੋਂ ਜਸਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਛੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਜਿੰਨਾਂ ਵਿੱਚੋਂ ਹੁਣ ਤੱਕ ਬਲਵੀਰ ਕੌਰ ਸਣੇ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਦਾ ਕਤਲ ਕਰਨ ਤੋਂ ਬਾਅਦ ਤਿੰਨੇ ਨੌਜਵਾਨ ਫਰਾਰ ਹੋ ਗਏ ਸਨ, ਜਿਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਪੁਲਿਸ ਵਲੋਂ ਅਗਲੀ ਜਾਂਚ ਸ਼ੁਰੂ: ਇਸ ਦੇ ਨਾਲ ਹੀ ਐਸਐਸਪੀ ਦੀਪਕ ਪਾਰਿਕ ਨੇ ਕਿਹਾ ਕਿ ਅਮਰਿੰਦਰ ਸਿੰਘ, ਜਿਸ ਦਾ ਕਿ ਸਾਲ 2020 'ਚ ਕਤਲ ਹੋਇਆ ਸੀ, ਉਸ ਨੂੰ ਮੁਲਜ਼ਮ ਆਪਣਾ ਦੋਸਤ ਦੱਸਦੇ ਹਨ। ਜਿਸ ਦੇ ਚੱਲਦੇ ਉਨ੍ਹਾਂ ਇਸ ਕਤਲ ਦਾ ਬਦਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਹੋਰ ਕੌਣ-ਕੌਣ ਸ਼ਾਮਲ ਸੀ ਤੇ ਇੰਨ੍ਹਾਂ ਦੇ ਨਿਸ਼ਾਨੇ 'ਤੇ ਹੋਰ ਕੌਣ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ।