ਜਲੰਧਰ:ਸੂਬੇ 'ਚ ਵਧ ਰਹੇ ਅਪਰਾਧ ਵਿੱਚ ਹੁਣ ਨਾਬਾਲਗਾਂ ਦੀ ਗਿਣਤੀ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਦਸਵੀਂ ਪਾਸ ਇੱਕ ਨਾਬਾਲਗ ਨੂੰ ਦੇਸੀ ਕੱਟੇ ਵੇਚਦੇ ਹੋਏ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਪੁਲਿਸ ਨੇ ਘਾਹ ਮੰਡੀ ਏਰੀਆ 'ਚੋਂ ਇੱਕ ਨੌਜਵਾਨ ਨੂੰ ਸ਼ੱਕੀ ਬੈਗ ਨਾਲ ਕਾਬੂ ਕੀਤਾ ਹੈ। ਜਿਸ ਵਿੱਚ ਪੁਲਿਸ ਨੂੰ 10 ਦੇਸੀ ਕੱਟੇ ਅਤੇ ਹਥਿਆਰ ਬਣਾਉਣ ਵਾਲੇ ਸੰਦ ਬਰਾਮਦ ਹੋਏ ਹਨ। ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਯੂਨਿਟ ਦਾ ਪਰਦਾਫਾਸ਼ ਕੀਤਾ ਹੈ।
ਸੋਸ਼ਲ ਮੀਡੀਆ ਤੋਂ ਸਿੱਖੇ ਹਥਿਆਰ ਬਣਾਉਣੇ
ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਖੁਦ ਇਹ ਪਿਸਤੌਲਾਂ ਬਣਾਉਣ ਦਾ ਕੰਮ ਕਰਦਾ ਹੈ ਅਤੇ ਉਸ ਨੇ ਇਹ ਕੰਮ ਸੋਸ਼ਲ ਮੀਡੀਆ ਤੋਂ ਦੇਖ ਕੇ ਸਿੱਖਿਆ ਹੈ।ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦਾ ਇੱਕ ਵਿਅਕਤੀ ਗੈਰ-ਕਾਨੂੰਨੀ ਦੇਸੀ ਪਿਸਤੌਲ (ਜਿਸਨੂੰ ਆਮ ਤੌਰ 'ਤੇ ਦੇਸੀ ਕੱਟਾ ਕਿਹਾ ਜਾਂਦਾ ਹੈ) ਦੇ ਨਿਰਮਾਣ ਵਿੱਚ ਸ਼ਾਮਲ ਹੈ। ਇਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾ ਕੇ ਇੱਕ ਨਾਬਾਲਗ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮ ਲੰਬੇ ਸਮੇਂ ਤੋਂ ਇਸ ਕਾਰੋਬਾਰ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੇ ਅੱਗੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਇਆ ਜਾ ਰਿਹਾ ਹੈ।