ਬਰਨਾਲਾ:ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਪਦਮ ਸ੍ਰੀ ਸ਼ਾਇਰ ਮਰਹੂਮ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ 'ਚ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਵੱਲੋਂ ਮੁੱਖ ਮਹਿਮਾਨ ਅਤੇ ਸ਼ਿਵ ਸਿੰਗਲਾ ਡਾਇਰੈਕਟਰ ਐੱਸ.ਐੱਸ.ਡੀ ਕਾਲਜ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ਨਾਲ ਸ਼ੁਰੂ ਹੋਏ ਸਮਾਗਮ ਦੇ ਆਰੰਭ ਵਿੱਚ ਬਿੰਦਰ ਸਿੰਘ ਖੁੱਡੀ ਕਲਾਂ ਨੇ ਸਮੂਹ ਸਖਸ਼ੀਅਤਾਂ ਨੂੰ ਜੀ ਆਇਆਂ ਕਹਿੰਦਿਆਂ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਸਾਹਿਤ ਅਤੇ ਪੁਸਤਕ ਸਭਿਆਚਾਰ ਦੀ ਪ੍ਰਫੁਲਿਤਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਹਾਜ਼ਰੀਨ ਨਾਲ ਜਾਣਕਾਰੀ ਸਾਂਝੀ ਕੀਤੀ।
ਮੁੱਖ ਮਹਿਮਾਨ ਵਜੋਂ ਪਹੁੰਚੇ ਪਵਨ ਹਰਚੰਦਪੁਰੀ ਨੇ ਕਿਹਾ ਕਿ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ਕਰਵਾਉਣਾ ਜ਼ਿਲ੍ਹਾ ਭਾਸ਼ਾ ਦਫਤਰ ਦਾ ਸਲਾਘਾਯੋਗ ਉਪਰਾਲਾ ਹੈ। ਤੇਜਾ ਸਿੰਘ ਤਿਲਕ ਪ੍ਰਧਾਨ ਪੰਜਾਬੀ ਸਾਹਿਤ ਸਭਾ(ਰਜਿ.) ਬਰਨਾਲਾ ਵੱਲੋਂ ਸੁਰਜੀਤ ਪਾਤਰ ਜੀ ਦੇ ਜੀਵਨ ਅਤੇ ਸਾਹਿਤਕ ਕ੍ਰਿਤਾਂ ਬਾਰੇ ਵਿਸਥਾਰ ਵਿੱਚ ਚਾਣਨਾ ਪਾਇਆ ਗਿਆ।
ਇਸ ਉਪਰੰਤ ਡਾ.ਸੰਪੂਰਨ ਸਿੰਘ ਟੱਲੇਵਾਲੀਆ ਅਤੇ ਡਾ.ਅਮਨਦੀਪ ਸਿੰਘ ਟੱਲੇਵਾਲੀਆ ਦੀ ਕਵਿਸ਼ਰੀ ਨਾਲ ਸ਼ੁਰੂ ਹੋਏ ਕਵੀ ਦਰਬਾਰ 'ਚ ਸ਼ਾਇਰਾਂ ਨੇ ਸੁਰਜੀਤ ਪਾਤਰ ਨੂੰ ਸਮਰਪਿਤ ਲਿਖੀਆਂ ਕਵਿਤਾਵਾਂ, ਗੀਤ ਅਤੇ ਗਜ਼ਲਾਂ ਸੁਣਾਈਆਂ, ਜਦਕਿ ਬਹੁਤ ਸਾਰੇ ਸ਼ਾਇਰਾਂ ਨੇ ਪਾਤਰ ਦੀਆਂ ਰਚਨਾਵਾਂ ਵੀ ਪੇਸ਼ ਕੀਤੀਆਂ।