ਕਰੰਟ ਲੱਗਣ ਨਾਲ ਇੱਕ ਮੌਤ (ETV BHARAT) ਮੋਗਾ:ਪਰਿਵਾਰ ਦੀ ਆਰਥਿਕ ਤੰਗੀ ਅਤੇ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਆਪਣੇ ਪੁੱਤ ਦਾ ਇਲਾਜ ਕਰਵਾਉਣ ਲਈ ਦਿਹਾੜੀ 'ਤੇ ਫਲੈਕਸ ਬੋਰਡ ਲਗਾਉਣ ਗਏ 45 ਸਾਲਾ ਬੂਟਾ ਸਿੰਘ ਦਾ 11 KV ਦੀ ਲਾਈਨ ਦੀਆਂ ਤਾਰਾਂ ਨਾਲ ਫਲੈਕਸ ਬੋਰਡ ਟਕਰਾਉਣ ਕਾਰਨ ਹਾਦਸਾ ਵਾਪਰ ਗਿਆ। ਇਸ ਹਾਦਸੇ ਤੋਂ ਬਾਅਦ ਮ੍ਰਿਤਕ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਕਰੰਟ ਲੱਗਣ ਕਾਰਨ ਤੀਜੀ ਮੰਜ਼ਿਲ ਤੋਂ ਡਿੱਗਿਆ ਵਿਅਕਤੀ
ਉਥੇ ਹੀ ਉਨ੍ਹਾਂ ਦਾ ਇੱਕ ਸਾਥੀ ਕਰੰਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਮੌਕੇ 'ਤੇ ਇਕੱਠੇ ਹੋਏ ਲੋਕਾਂ ਵਲੋਂ ਬੂਟਾ ਸਿੰਘ ਅਤੇ ਉਸ ਦੇ ਸਾਥੀ ਨੂੰ ਤੁਰੰਤ ਚੁੱਕ ਕੇ ਸਿਵਲ ਹਸਪਤਾਲ ਮੋਗਾ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਬੂਟਾ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦੂਜੇ ਸਾਥੀ ਦਾ ਇਲਾਜ ਚੱਲ ਰਿਹਾ ਹੈ।
ਸਰਕਾਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ
ਇਸ ਦੌਰਾਨ ਮ੍ਰਿਤਕ ਬੂਟਾ ਸਿੰਘ ਦੀ ਲਾਸ਼ ਲੈਣ ਹਸਪਤਾਲ ਪੁੱਜੇ ਪਿੰਡ ਦੇ ਸਰਪੰਚ ਤੀਰਥ ਸਿੰਘ ਕਾਲਾ ਅਤੇ ਸੀਨੀਅਰ ਅਕਾਲੀ ਆਗੂ ਸਾਬਕਾ ਮੈਂਬਰ ਜ਼ਿਲ੍ਹਾ ਪਰਿਸ਼ਦ ਗੋਬਿੰਦ ਸਿੰਘ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਬੂਟਾ ਸਿੰਘ ਘਰ 'ਚ ਇਕੱਲਾ ਹੀ ਕਮਾਉਣ ਵਾਲਾ ਸੀ ਤੇ ਉਸ ਦੇ ਘਰ ਦੀ ਆਰਥਿਕ ਹਾਲਤ ਬਹੁਤ ਹੀ ਖ਼ਰਾਬ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੁੱਤ ਵੀ ਕੁਝ ਦਿਨ ਪਹਿਲਾਂ ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਤੇ ਮੰਜੇ 'ਤੇ ਹੀ ਹੈ। ਜਿਸ ਕਾਰਨ ਘਰ ਖਰਚ ਚਲਾਉਣਾ ਬਹੁਤ ਹੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ ਕਿ ਪੁੱਤ ਦੇ ਇਲਾਜ ਲਈ ਪੈਸੇ ਇਕੱਠੇ ਕਰਨ ਦੇ ਲਈ ਬੂਟਾ ਸਿੰਘ ਦਿਹਾੜੀ 'ਤੇ ਗਿਆ ਸੀ ਤਾਂ ਇਹ ਭਾਣਾ ਵਾਪਰ ਗਿਆ।
ਪਹਿਲਾਂ ਹੀ ਹੋ ਚੁੱਕੀ ਸੀ ਮੌਤ
ਉਥੇ ਹੀ ਸਿਵਲ ਹਸਪਤਾਲ ਮੋਗਾ ਦੇ ਡਾਕਟਰ ਨੇ ਦੱਸਿਆ ਕਿ ਬੂਟਾ ਸਿੰਘ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਤਾਰ ਦੀ ਲਪੇਟ 'ਚ ਆਉਣ ਕਾਰਨ ਉਹ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੂਜਾ ਸਾਥੀ ਜਿਸ ਨੂੰ ਕਰੰਟ ਲੱਗਾ ਸੀ, ਉਸ ਦਾ ਇਲਾਜ ਚੱਲ ਰਿਹਾ ਹੈ।