ਬਰਨਾਲਾ:ਪੰਜਾਬ ਵਿੱਚ ਚਿੱਟ ਫੰਡ ਕੰਪਨੀ ਪਰਲ ਵੱਲੋਂ ਲੋਕਾਂ ਨਾਲ ਲੱਖਾਂ ਕਰੋੜਾਂ ਦੀ ਠੱਗੀ ਕੀਤੀ ਗਈ। ਪਿਛਲੇ ਲੰਬੇ ਸਮੇਂ ਤੋਂ ਇਨਸਾਫ ਨਾ ਮਿਲਣ ਕਾਰਨ ਪਰਲ ਕੰਪਨੀ ਦੇ ਪੀੜਿਤ ਲੋਕ ਸਾਰੀਆਂ ਹੀ ਪਾਰਟੀਆਂ ਅਤੇ ਸਰਕਾਰਾਂ ਤੋਂ ਦੁਖੀ ਹਨ। ਜਿਸ ਦੇ ਚਲਦਿਆਂ ਪੀੜਤਾਂ ਵੱਲੋਂ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਬਰਨਾਲਾ ਵਿਖੇ ਪਰਲ ਪੀੜਤਾਂ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਉਹਨਾਂ ਨੂੰ ਇਨਸਾਫ਼ ਨਹੀਂ ਦਿੱਤਾ,ਜਿਸ ਕਰਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਤੋਂ ਉਹ ਦੁਖੀ ਹਨ। ਉਥੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਪਰਲ ਪੀੜਤ ਲੋਕਾਂ ਦੀ ਆਵਾਜ਼ ਬਨਣਗੇ, ਉਹਨਾਂ ਮੰਗ ਕੀਤੀ ਕਿ ਪਰਲ ਕੰਪਨੀ ਦੀ ਪ੍ਰਾਪਰਟੀ ਜ਼ਬਤ ਕਰਕੇ ਪੀੜਤਾਂ ਨੂੰ ਪੈਸੇ ਦੇਣ ਚਾਹੀਦੇ ਹਨ।
ਕਿਸੇ ਵੀ ਸਰਕਾਰ ਨੇ ਪੀੜਤਾਂ ਨੂੰ ਨਹੀਂ ਦਿੱਤਾ ਇਨਸਾਫ : ਇਸ ਮੌਕੇ ਗੱਲਬਾਤ ਕਰਦਿਆਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਪਿਛਲੇ ਸਮੇਂ ਦੌਰਾਨ ਪਰਲ ਕੰਪਨੀ ਵੱਲੋਂ ਵੱਡੀ ਠੱਗੀ ਮਾਰੀ ਗਈ। ਲੋਕਾਂ ਦਾ ਕਰੋੜਾਂ ਰੁਪਏ ਪਰਲ ਕੰਪਨੀ ਵੱਲੋਂ ਲੁੱਟਿਆ ਗਿਆ ਹੈ ਪਰ ਕਿਸੇ ਵੀ ਸਰਕਾਰ ਨੇ ਇਹਨਾਂ ਪੀੜਤ ਲੋਕਾਂ ਨੂੰ ਇਨਸਾਫ਼ ਨਹੀਂ ਦਿੱਤਾ। ਜਿਸਤੋਂ ਬਾਅਦ ਪੀੜਤ ਲੋਕ ਅਦਾਲਤ ਤੋਂ ਇਨਸਾਫ਼ ਲੈਣ ਚਲੇ ਗਏ। ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵੀ ਪੀੜਤਾਂ ਨੂੰ ਇਨਸਾਫ਼ ਨਹੀਂ ਦਿੱਤਾ।
ਅਕਾਲੀ ਦਲ ਦੇ ਰਾਜ 'ਚ ਸ਼ੁਰੂ ਹੋਈ ਘਪਲੇਬਾਜ਼ੀ:ਇਸ ਮਾਮਲੇ ਸਬੰਧੀ ਬੋਲਦਿਆਂ ਉਹਨਾਂ ਕਿਹਾ ਕਿ ਇਹ ਘਪਲਾ ਅਤੇ ਠੱਗੀ ਸ਼੍ਰੌਮਣੀ ਅਕਾਲੀ ਦਲ ਦਲ ਸਰਕਾਰ ਮੌਕੇ ਹੋਈ ਸੀ। ਅਕਾਲੀ ਸਰਕਾਰ ਕਬੱਡੀ ਦੇ ਕੱਪ ਕਰਵਾ ਕੇ ਪਰਲ ਕੰਪਨੀ ਤੋਂ ਸਪਾਂਸਰ ਕਰਵਾਉਂਦੀ ਸੀ। ਜਿਸ ਕਰਕੇ ਅਕਾਲੀ ਦਲ ਸਰਕਾਰ ਦਾ ਕੰਪਨੀ ਵਾਲਿਆਂ ਉਪਰ ਹੱਥ ਸੀ। ਉਹਨਾ ਕਿਹਾ ਕਿ ਇਹਨਾਂ ਪੀੜਤ ਲੋਕਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਕੰਪਨੀ ਦੇ ਮਾਲਕ ਦੀਆਂ ਪ੍ਰਾਪਟੀਆਂ ਜ਼ਬਤ ਕਰਕੇ ਇਹਨਾਂ ਪੀੜਤ ਲੋਕਾਂ ਦੇ ਬਣਦੇ ਪੈਸੇ ਦੇਣ ਚਾਹੀਦੇ ਹਨ। ਉਹਨਾਂ ਕਿਹਾ ਕਿ ਇਹਨਾਂ ਪੀੜਤਾਂ ਦੇ ਹੱਕ ਵਿੱਚ ਉਹ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹਿਣਗੇ।