ਕੁੜੀ ਨੂੰ ਮੈਸੇਜ ਕਰਨ ਵਾਲੇ ਦਾ ਕਤਲ (ETV Bharat (ਪੱਤਰਕਾਰ, ਪਟਿਆਲਾ)) ਪਟਿਆਲਾ : ਪਟਿਆਲਾ ਦੇ ਨੌਜਵਾਨ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਮਾਮਲੇ ਨੂੰ ਹੱਲ ਕਰ ਲਿਆ। ਇਸ ਮਾਮਲੇ 'ਚ ਸ਼ਾਮਿਲ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਇਸ ਕਤਲ ਮਾਮਲੇ ਦੇ ਮੁੱਖ ਮੁਲਜ਼ਮ ਅੰਸ਼ ਦੀ ਇੱਕ ਲੜਕੀ ਨਾਲ ਦੋਸਤੀ ਸੀ ਅਤੇ ਮ੍ਰਿਤਕ ਕਰਨ ਉਸ ਨੂੰ ਫੋਨ ਦੇ ਉੱਪਰ ਮੈਸੇਜ ਕਰਦਾ ਸੀ, ਜਿਸ ਤੋਂ ਚਿੜ ਕੇ ਅੰਸ਼ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਕਤਲ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ
ਪੂਰੇ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਐਸ.ਐਸ.ਪੀ ਪਟਿਆਲਾ ਡਾ. ਨਾਨਕ ਸਿੰਘ ਆਈ.ਪੀ.ਐਸ ਨੇ ਦੱਸਿਆ ਕਿ 6 ਸਤੰਬਰ ਦੀ ਸ਼ਾਮ ਨੂੰ ਕੁਝ ਵਿਅਕਤੀਆਂ ਨੇ ਉੱਥੇ ਹੀ ਰਹਿੰਦੇ ਜੀਜਾ ਕਰਨ ਨੂੰ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕਰ ਕੇ ਕਤਲ ਕਰ ਦਿੱਤਾ। ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਕਤਲ ਕਰਨ ਲਈ ਇੱਕ ਚਾਕੂ ਵਰਤਿਆ ਗਿਆ ਅਤੇ ਮੋਟਰਸਾਈਕਲ ਵੀ ਚੋਰੀ ਹੋਇਆ ਹੈ। ਇਨ੍ਹਾਂ ਚਾਰਾਂ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਦੇ ਕੇਸ ਦਰਜ ਹਨ, ਇਸ ਤੋਂ ਇਲਾਵਾ ਇੱਕ ਲੜਕਾ ਨਾਬਾਲਗ ਵੀ ਹੈ। ਐਸਐਸਪੀ ਨੇ ਦੱਸਿਆ ਕਿ ਇਹ ਕਤਲ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ ਹੈ। ਜੋ ਲੜਕੀ ਨਾਲ ਘੁੰਮ ਰਿਹਾ ਸੀ।
ਮੁਲਜ਼ਮ ਦੀ ਪ੍ਰੇਮਿਕਾ ਨੂੰ ਮੈਸੇਜ ਕੀਤੇ
ਗ੍ਰਿਫ਼ਤਾਰ ਮੁਲਜ਼ਮ ਨੇ ਦੱਸਿਆ ਕਿ ਮ੍ਰਿਤਕ ਕਰਨ ਮੁਲਜ਼ਮ ਦੀ ਪ੍ਰੇਮਿਕਾ ਨੂੰ ਮੈਸੇਜ ਭੇਜ ਰਿਹਾ ਸੀ। ਕਰਨ ਨੂੰ ਕਈ ਵਾਰ ਮੈਸੇਜ ਨਾ ਭੇਜਣ ਲਈ ਕਿਹਾ ਗਿਆ ਸੀ ਪਰ ਜਦੋਂ ਉਹ ਨਾ ਮੰਨੇ ਤਾਂ ਯੋਜਨਾ ਬਣਾ ਕੇ 6 ਸਤੰਬਰ ਦੀ ਸ਼ਾਮ ਨੂੰ ਕਰਨ ਦਾ ਕਤਲ ਕਰ ਦਿੱਤਾ।
ਦੋ ਮੋਟਰਸਾਈਕਲ ਅਤੇ ਇੱਕ ਚਾਕੂ ਬਰਾਮਦ ਕੀਤਾ
ਇਹ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਡਾ: ਨਾਨਕ ਸਿੰਘ ਨੇ ਦੱਸਿਆ ਕਿ ਕਤਲ ਤੋਂ ਬਾਅਦ ਐਸਪੀ ਸਿਟੀ ਮੁਹੰਮਦ ਸਰਫਰਾਜ਼ ਆਲਮ, ਡੀਐਸਪੀ ਸਿਟੀ ਵਨ ਵੈਭਵ ਚੌਧਰੀ, ਸੀਆਈਏ ਸਟਾਫ਼ ਇੰਚਾਰਜ ਸ਼ਮਿੰਦਰ ਸਿੰਘ ਅਤੇ ਸਿਵਲ ਲਾਈਨ ਥਾਣਾ ਇੰਚਾਰਜ ਅੰਮ੍ਰਿਤਵੀਰ ਚਾਹਲ ਦੀ ਟੀਮ ਨੇ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਦੋ ਮੋਟਰਸਾਈਕਲ ਅਤੇ ਇੱਕ ਚਾਕੂ ਬਰਾਮਦ ਕੀਤਾ ਹੈ।
ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ
ਫੜੇ ਗਏ ਮੁਲਜ਼ਮਾਂ ਦੀ ਪਛਾਣ ਯੁਵਰਾਜ ਸਿੰਘ ਨੌਜਵਾਨ ਪਿੰਡ ਕਾਲਵਾ, ਅਮਨਦੀਪ ਸਿੰਘ ਅਮਨ ਨਾਤਾ ਵਾਲੀ ਗਲੀ ਗਊਸ਼ਾਲਾ ਰੋਡ ਪਟਿਆਲਾ, ਅੰਸ਼ਵੇਦ ਉਰਫ਼ ਸੁੱਚਾ ਪਿੰਡ ਹਾਜੀਮਾਂਜਰਾ, ਪਸਿਆਣਾ ਥਾਣਾ ਅਤੇ ਤਰੁਣਪਾਲ ਸਿੰਘ ਗੁਰੂ ਨਾਨਕ ਨਗਰ, ਪਟਿਆਲਾ ਵਜੋਂ ਹੋਈ ਹੈ। ਪੁਲਿਸ ਨੇ ਸਭ ਤੋਂ ਪਹਿਲਾਂ 7 ਸਤੰਬਰ ਨੂੰ ਯੁਵਰਾਜ ਅਤੇ ਅਮਨਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰਦੇ ਹੋਏ ਅਗਲੇ ਦਿਨ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅਮਨ ਕਾਨੂੰਨ ਦੀ ਸਮੱਸਿਆ ਪੈਦਾ ਕਰਨ ਵਾਲੇ
ਐਸਐਸਪੀ ਡਾਕਟਰ ਨਾਨਕ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਯੁਵਰਾਜ ਸਿੰਘ ਯੂਬੀ ਅਮਨਮੀਤ ਸਿੰਘ ਅੰਸ਼ ਵੇਦ ਤਰੁਣ ਕਿਰਪਾਲ ਸਿੰਘ ਅਤੇ ਇੱਕ ਨਬਾਲਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨਾਂ ਦੇ ਕੋਲੋਂ ਕਤਲ ਦੇ ਵਿੱਚ ਇਸਤੇਮਾਲ ਕੀਤੇ ਗਏ ਦੋ ਤੇਜ਼ਧਾਰ ਹਥਿਆਰ ਸੀ। ਐਸਐਸਪੀ ਨੇ ਚਿਤਾਵਨੀ ਦਿੱਤੀ ਕਿ ਅਪਰਾਧ ਚਾਹੇ ਛੋਟਾ ਹੋਵੇ ਜਾਂ ਵੱਡਾ ਪਟਿਆਲਾ ਪੁਲਿਸ ਉਸ ਦੇ ਲਈ ਕਿਸੇ ਨੂੰ ਬਖਸ਼ੇਗੀ ਨਹੀਂ ਅਤੇ ਅਮਨ ਕਾਨੂੰਨ ਦੀ ਸਮੱਸਿਆ ਪੈਦਾ ਕਰਨ ਵਾਲੇ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।