ਚੰਡੀਗੜ੍ਹ:ਪੰਜਾਬ ਵਿੱਚ ਗੈਂਗਸਟਰ ਗਰੁੱਪ ਚਲਾਉਣ ਵਾਲੇ ਗੁਰਵਿੰਦਰ ਸਿੰਘ ਸਿੱਧੂ ਨੇ ਅਮਰੀਕਾ ਵਿੱਚ ਬੈਠ ਕੇ ਗੈਂਗਸਟਰ ਗੋਲਡੀ ਬਰਾੜ ਦੇ ਸਾਥੀਆਂ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਇਸ ਹਮਲੇ ਨੂੰ ਅੰਜਾਮ ਦੇਣ ਲਈ ਰਾਜਪੁਰਾ ਪਹੁੰਚੇ ਤਿੰਨ ਗੈਂਗਸਟਰਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆ ਜਾਣਕਾਰੀ ਸਾਂਝੀ ਕੀਤੀ।
ਅਸਲਾ ਤੇ ਕਾਰਤੂਸ ਬਰਾਮਦ :ਤਰਨਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ, ਉਸ ਦੇ ਸਾਥੀ ਰੋਹਿਤ ਕੁਮਾਰ ਉਰਫ ਰੋਹਿਤ ਅਤੇ ਗੁਲਸ਼ਨ ਕੁਮਾਰ ਉਰਫ ਗੁੱਲੂ ਰਾਜਪੁਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਸਪੈਸ਼ਲ ਸੈੱਲ ਦੇ ਇੰਚਾਰਜ ਇੰਸਪੈਕਟਰ ਹੈਰੀ ਬੋਪਾਰਾਏ ਅਤੇ ਉਨ੍ਹਾਂ ਦੀ ਟੀਮ ਨੇ ਰਾਜਪੁਰਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਅਕਤੀਆਂ ਕੋਲੋਂ 32 ਬੋਰ ਦੇ ਤਿੰਨ ਨਾਜਾਇਜ਼ ਪਿਸਤੌਲ ਅਤੇ 8 ਕਾਰਤੂਸ ਬਰਾਮਦ ਕੀਤੇ ਗਏ ਹਨ।
ਮੁਲਜ਼ਮਾਂ ਵਲੋਂ ਜਾਅਲੀ ਨੰਬਰ ਵਾਲੀ ਕਾਰ ਦੀ ਵਰਤੋਂ:ਐਸਐਸਪੀ ਨੇ ਦੱਸਿਆ ਕਿ ਰਾਜਪੁਰਾ ਸਪੈਸ਼ਲ ਸੈੱਲ ਦੀ ਟੀਮ ਨੇ ਪਿੰਡ ਉਕਸੀ ਸਾਈਆਂ ਦੇ ਅੰਡਰਪਾਸ ਵਿੱਚ ਇੱਕ ਕਾਲੇ ਰੰਗ ਦੀ ਆਈਕਾਨ ਗੱਡੀ ਦੇਖੀ ਤਾਂ ਇਸ ਗੱਡੀ ਉੱਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ। ਸ਼ੱਕ ਦੇ ਆਧਾਰ 'ਤੇ ਪੁਲਸ ਪਾਰਟੀ ਨੇ ਕਾਰ ਸਵਾਰ ਤਿੰਨਾਂ ਨੂੰ ਕਾਬੂ ਕਰ ਲਿਆ। ਇਹ ਲੋਕ ਰਾਜਪੁਰਾ ਵਿੱਚ ਕਿਸੇ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਲਈ ਰੁਕੇ ਹੋਏ ਸਨ। ਗੁਰਵਿੰਦਰ ਸਿੰਘ ਸਿੱਧੂ ਨੇ ਇਨ੍ਹਾਂ ਲੋਕਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ, ਤਾਂ ਜੋ ਉਹ ਢਿੱਲੋਂ ਅਤੇ ਗੋਲਡੀ ਬਰਾੜ ਦੇ ਸਾਥੀਆਂ 'ਤੇ ਹਮਲਾ ਕਰ ਸਕਣ।
ਗੋਲਡੀ ਢਿੱਲੋਂ ਚੰਡੀਗੜ੍ਹ ਗੋਲੀਬਾਰੀ ਕਾਂਡ ਦਾ ਮਾਸਟਰਮਾਈਂਡ: ਗੈਂਗਸਟਰ ਗੋਲਡੀ ਢਿੱਲੋਂ ਵੀ ਵਿਦੇਸ਼ ਵਿਚ ਰਹਿੰਦਾ ਹੈ ਅਤੇ ਉਥੋਂ ਹੀ ਪੰਜਾਬ ਵਿਚ ਆਪਣਾ ਗੈਂਗ ਚਲਾਉਂਦਾ ਹੈ। ਗੋਲਡੀ ਢਿੱਲੋਂ ਅਤੇ ਗੋਲਡੀ ਬਰਾੜ ਪੱਕੇ ਦੋਸਤ ਹਨ ਅਤੇ ਹਾਲ ਹੀ ਵਿੱਚ ਗੋਲਡੀ ਢਿੱਲੋਂ 'ਤੇ ਚੰਡੀਗੜ੍ਹ ਦੇ ਸੈਕਟਰ 5 ਵਿੱਚ ਗੋਲੀਬਾਰੀ ਹੋਈ ਸੀ। ਇਸ ਤਰ੍ਹਾਂ ਸਿੱਧੂ ਅਤੇ ਗੋਲਡੀ ਗੈਂਗ ਵਿਚਾਲੇ ਪਿਛਲੇ ਕਾਫੀ ਸਮੇਂ ਤੋਂ ਰੰਜਿਸ਼ ਚੱਲ ਰਹੀ ਹੈ। ਗੈਂਗਸਟਰ ਗੁਰਵਿੰਦਰ ਸਿੰਘ ਸਿੱਧੂ ਦੇ ਨਿਰਦੇਸ਼ਾਂ 'ਤੇ ਦੋਸ਼ੀ ਰੋਹਿਤ ਨੇ ਜੂਨ 2023 'ਚ ਰਾਜਪੁਰਾ ਦੇ ਇਕ ਵਪਾਰੀ 'ਤੇ ਗੋਲੀ ਚਲਾ ਦਿੱਤੀ ਸੀ, ਜਿਸ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ।