ਸੰਗਰੂਰ:ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਸੋਮਵਾਰ ਨੂੰ ਭਵਾਨੀਗੜ ਵਿਖੇ ਚੋਣ ਮੀਟਿੰਗਾਂ ਤਹਿਤ ਅਗਰਵਾਲ ਭਵਨ ਪਹੁੰਚੇ ਜਿਸ ਦੌਰਾਨ ਖੰਨਾ ਨੂੰ ਕਿਸਾਨਾਂ ਦੇ ਜਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਕਿਸਾਨਾਂ ਨੇ ਭਾਜਪਾ ਦਾ ਵਿਰੋਧ ਕਰਦਿਆਂ ਅਰਵਿੰਦ ਖੰਨਾ ਨੂੰ ਕਾਲੀਆਂ ਝੰਡੀਆਂ ਦਿਖਾਉੰਦਿਆਂ ਕੇੰਦਰ ਦੀ ਮੋਦੀ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਨੇ ਘੇਰਿਆ ਰਾਹ:ਜਾਣਕਾਰੀ ਅਨੁਸਾਰ ਭਾਜਪਾ ਉਮੀਦਵਾਰ ਖੰਨਾ ਵੱਲੋਂ ਸੋਮਵਾਰ ਨੂੰ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਵਰਕਰਾਂ ਨਾਲ ਚੋਣ ਮੀਟਿੰਗਾਂ ਰੱਖੀਆਂ ਗਈਆਂ ਸਨ। ਇਸ ਸਬੰਧੀ ਪਤਾ ਲੱਗਣ 'ਤੇ ਭਾਕਿਯੂ (ਉਗਰਾਹਾਂ) ਦੀ ਅਗਵਾਈ 'ਚ ਅਗਰਵਾਲ ਭਵਨ ਦੇ ਅੱਗੇ ਇਕੱਠੇ ਹੋਏ ਕਿਸਾਨਾਂ ਨੇ ਧਰਨਾ ਦਿੰਦਿਆਂ ਹੱਥਾਂ 'ਚ ਕਾਲੇ ਝੰਡੇ ਫੜ ਕੇ ਹਾਈਵੇ ਦੀ ਸਰਵਿਸ ਰੋਡ 'ਤੇ ਧਰਨਾ ਲਾ ਦਿੱਤਾ। ਓਧਰ, ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਵੀ ਭਾਰੀ ਬਲ ਨਾਲ ਮੌਕੇ 'ਤੇ ਤਾਇਨਾਤ ਹੋ ਗਿਆ ਤੇ ਕਿਸਾਨਾਂ ਨੂੰ ਰੱਸਾ ਲਗਾ ਕੇ ਖੰਨਾ ਦੀ ਚੋਣ ਮੀਟਿੰਗ ਤੋਂ 100 ਮੀਟਰ ਦੀ ਦੂਰੀ 'ਤੇ ਰੋਕ ਕੇ ਰੱਖਿਆ ਜਿਸ ਦੌਰਾਨ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਤੇ ਅਰਵਿੰਦ ਖੰਨਾ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।