ਲੁਧਿਆਣਾ:ਮਾਛੀਵਾੜਾ ਪੁਲਿਸ ਵਲੋਂ ਇੱਕ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ। ਇਸ ਵਿੱਚ ਸਰਗਨਾ ਰੇਨੂੰ ਮਹੰਤ ਵਾਸੀ ਬਹਿਲੋਲਪੁਰ, ਨਿਰਮਲ ਸਿੰਘ ਗੋਪੀ ਅਤੇ ਜਗਦੀਪ ਸਿੰਘ ਵਾਸੀ ਇੰਦਰਾ ਕਾਲੋਨੀ ਸ਼ਾਮਲ ਹਨ। ਪੁਲਿਸ ਵੱਲੋਂ ਮਾਛੀਵਾੜਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ 21 ਅਗਸਤ 2024 ਨੂੰ ਸਥਾਨਕ ਗੁਰੂ ਨਾਨਕ ਮੁਹੱਲਾ ਵਿਖੇ ਮਨਮੋਹਣ ਸ਼ਰਮਾ ਦੇ ਘਰ ਚੋਰੀ ਹੋਈ ਸੀ ਜਿਸ ’ਚ ਚੋਰਾਂ ਨੇ ਘਰ ’ਚੋਂ ਇੱਕ ਰਿਵਾਲਵਰ, 5 ਜ਼ਿੰਦਾ ਕਾਰਤੂਸ ਤੇ ਗਹਿਣੇ ਚੋਰੀ ਕਰ ਲਏ ਸਨ।
ਮਾਛੀਵਾੜਾ ਪੁਲਿਸ ਵਲੋਂ ਇਸ ਸਬੰਧੀ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ ਅਤੇ ਪੁਲਿਸ ਜ਼ਿਲਾ ਖੰਨਾ ਦੇ ਐੱਸਐੱਸੀ ਅਸ਼ਵਨੀ ਗੋਟਿਆਲ ਦੇ ਨਿਰਦੇਸ਼ਾਂ ਤਹਿਤ ਪੁਲਿਸ ਟੀਮਾਂ ਦਾ ਗਠਨ ਕਰ ਥਾਣਾ ਮੁਖੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਮਾਮਲੇ ਨੂੰ ਸੁਲਝਾਉਣ ਦੇ ਯਤਨ ਕੀਤੇ ਗਏ। ਰੇਨੂੰ ਮਹੰਤ ਪਹਿਲਾਂ ਹੀ ਜ਼ਮਾਨਤ ਉੱਤੇ ਸੀ।
ਪਹਿਲਾਂ ਸੂਟ ਪਾ ਕੇ ਦਿੰਦਾ ਵਧਾਈ, ਫਿਰ ਪੁਰਸ਼ਾਂ ਵਾਲੇ ਕੱਪੜੇ ਪਾ ਕੇ ਲੁੱਟਦੇ (ETV Bharat (ਪੱਤਰਕਾਰ, ਲੁਧਿਆਣਾ)) ਰੇਨੂੰ ਮਹੰਤ ਜਿਸ ਪਿੰਡ ਵਿਚ ਵਧਾਈ ਦੇਣ ਜਾਂਦਾ ਸੀ, ਉਸ ਤੋਂ ਬਾਅਦ ਲੁੱਟ ਲਈ ਸੁਰੱਖਿਅਤ ਘਰ ਦੇਖ ਕੇ ਭੇਸ ਬਦਲ ਕੇ ਆਪਣੇ ਗਿਰੋਹ ਨਾਲ ਵਾਰਦਾਤ ਨੂੰ ਅੰਜਾਮ ਦੇਣ ਜਾਂਦਾ ਸੀ। ਵਧਾਈ ਦੇਣ ਸਮੇਂ ਇਹ ਔਰਤਾਂ ਵਾਲੇ ਕੱਪੜੇ ਪਹਿਨਦਾ ਸੀ ਅਤੇ ਲੁੱਟ ਕਰਦਾ ਸੀ ਉਸ ਵੇਲੇ ਪੁਰਸ਼ਾਂ ਵਾਲੇ ਕੱਪੜੇ ਪਹਿਨਦਾ ਸੀ। ਜਿਸ ਸੁਨਿਆਰ ਨੂੰ ਚੋਰੀ ਦਾ ਸਮਾਨ ਵੇਚਿਆ ਉਸ ’ਤੇ ਵੀ ਸਿਕੰਜ਼ਾ ਕੱਸਿਆ ਜਾਵੇਗਾ।
- ਡੀਐੱਸਪੀ ਤਰਲੋਚਨ ਸਿੰਘ
ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ
ਡੀਐੱਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਚੋਰੀ ਕੀਤੇ ਰਿਵਾਲਵਰ ਨਾਲ ਬਹਿਲੋਲਪੁਰ ਵਾਸੀ ਕਿੰਨਰ ਰੇਨੂੰ ਮਹੰਤ ਅਤੇ ਉਸਦੇ ਸਾਥੀ ਨਿਰਮਲ ਸਿੰਘ ਤੇ ਜਗਦੀਪ ਸਿੰਘ ਨੇ 2 ਦਿਨ ਪਹਿਲਾਂ ਥਾਣਾ ਚਮਕੌਰ ਸਾਹਿਬ ਵਿਖੇ ਪਿੰਡ ਬਹਿਰਾਮਪੁਰ ਬੇਟ ਵਿਖੇ ਘਰ ਵਿਚ ਦਿਨ ਦਿਹਾੜੇ ਦਾਖਲ ਹੋ ਕੇ ਪਿਸਤੌਲ ਦੇ ਜ਼ੋਰ ’ਤੇ ਔਰਤ ਤੋਂ ਵਾਲੀਆਂ ਝਪਟ ਕੇ ਲੈ ਗਏ। ਮਾਛੀਵਾੜਾ ਪੁਲਿਸ ਵਲੋਂ ਨਾਕਾਬੰਦੀ ਕਰ ਰੇਨੂੰ ਮਹੰਤ, ਨਿਰਮਲ ਸਿੰਘ ਤੇ ਜਗਦੀਪ ਸਿੰਘ ਨੂੰ ਕਾਬੂ ਕਰ ਲਿਆ ਜਿਨ੍ਹਾਂ ਕੋਲੋਂ ਚੋਰੀ ਹੋਇਆ ਰਿਵਾਲਵਰ, ਕਾਰਤੂਸ ਤੇ ਲੁੱਟੇ ਹੋਏ ਗਹਿਣੇ ਵੀ ਬਰਾਮਦ ਕਰ ਲਏ।
ਵਧਾਈ ਦੇਣ ਤੋਂ ਬਾਅਦ ਲੁੱਟਦਾ ਸੀ ਕਿੰਨਰ
ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰੇਨੂੰ ਮਹੰਤ ਨੇ ਕੁਝ ਦਿਨ ਪਹਿਲਾਂ ਹੀ ਬਹਿਰਾਮਪੁਰ ਬੇਟ ਵਿਖੇ ਜਿਸ ਘਰ ਲੁੱਟ ਕੀਤੀ ਉਸ ਘਰ ਲੜਕਾ ਹੋਇਆ ਸੀ, ਜਿੱਥੋਂ ਉਹ ਵਧਾਈ ਲੈ ਕੇ ਆਇਆ ਸੀ। ਇਹ ਕਿੰਨਰ ਜਿਸ ਘਰ ਵਧਾਈ ਦੇਣ ਜਾਂਦਾ ਸੀ, ਉੱਥੇ ਸਾਰਾ ਮੁਆਇਨਾ ਕਰਨ ਤੋਂ ਬਾਅਦ ਆਪਣੇ ਸਾਥੀਆਂ ਸਣੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ।ਡੀਐੱਸਪੀ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਪਿਸਤੌਲ ਦੇ ਜ਼ੋਰ ’ਤੇ ਜੋ ਹੋਰ ਵਾਰਦਾਤਾਂ ਕੀਤੀਆਂ ਹਨ, ਉਸ ਦਾ ਖੁਲਾਸਾ ਵੀ ਹੋ ਜਾਵੇਗਾ। ਵਧਾਈ ਦੇਣ ਤੋਂ ਬਾਅਦ ਭੇਸ ਬਦਲ ਕੇ ਗਿਰੋਹ ਨਾਲ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ।
ਚੋਰੀ ਦਾ ਮਾਲ ਲੈਣ ਵਾਲੇ ਸੁਨਿਆਰੇ ਉੱਤੇ ਵੀ ਹੋਵੇਗੀ ਕਾਰਵਾਈ
ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਵਲੋਂ ਲੁੱਟਿਆ ਸੋਨੇ ਦਾ ਸਮਾਨ ਮਾਛੀਵਾੜਾ ਦੇ ਹੀ ਇੱਕ ਸੁਨਿਆਰ ਨੂੰ ਵੇਚਿਆ ਹੈ। ਉਨ੍ਹਾਂ ਦੱਸਿਆ ਕਿ ਰਿਮਾਂਡ ’ਤੇ ਲਿਆਉਣ ਤੋਂ ਬਾਅਦ ਇਨ੍ਹਾਂ ਕਥਿਤ ਮੁਲਜ਼ਮਾਂ ਤੋਂ ਉਸ ਸੁਨਿਆਰੇ ਦੀ ਦੁਕਾਨ ਦੀ ਪਹਿਚਾਣ ਕਰਵਾਈ ਜਾਵੇਗੀ, ਜਿੱਥੇ ਇਨ੍ਹਾਂ ਲੁੱਟ ਦਾ ਸਮਾਨ ਵੇਚਿਆ। ਉਨ੍ਹਾਂ ਕਿਹਾ ਕਿ ਚੋਰੀ ਤੇ ਲੁੱਟ ਦਾ ਸਮਾਨ ਖਰੀਦਣ ਵਾਲੇ ਕਿਸੇ ਵੀ ਸੁਨਿਆਰੇ ਨੂੰ ਬਖਸ਼ਿਆ ਨਹੀਂ ਜਾਵੇਗਾ।
ਗਿਰੋਹ ’ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ
ਡੀਐੱਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਿਰੋਹ ਦੇ ਤਿੰਨਾਂ ਵਿਅਕਤੀਆਂ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਗਿਰੋਹ ਦਾ ਸਰਗਨਾ ਰੇਨੂੰ ਮਹੰਤ ਜਿਸ ’ਤੇ 3 ਮਾਮਲੇ ਦਰਜ ਹਨ ਜਿਸ ਵਿਚ ਆਰਮਜ਼ ਐਕਟ ਤੇ ਹੋਰ ਧਰਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ ਨਿਰਮਲ ਸਿੰਘ ’ਤੇ ਇੱਕ ਮਾਮਲਾ ਦਰਜ ਹੈ, ਜਦਕਿ ਜਗਦੀਪ ਸਿੰਘ ’ਤੇ ਚੋਰੀ ਤੇ ਲੁੱਟ ਖੋਹ ਦੇ 3 ਮਾਮਲੇ ਦਰਜ ਹਨ।