ਪੰਜਾਬ

punjab

ETV Bharat / state

ਅੰਮ੍ਰਿਤਸਰ ਦੇ ਪਿੰਡ ਕੋਟਲਾ ਡੂਮ 'ਚ ਦੀਵਾਲੀ ਵਾਲੀ ਰਾਤ ਚੱਲੀਆਂ ਗੋਲੀਆਂ ਨਾਲ ਇੱਕ ਦੀ ਮੌਤ, ਤਿੰਨ ਜ਼ਖ਼ਮੀ - ONE KILLED IN GUNFIRE

ਅੰਮ੍ਰਿਤਸਰ ਦੇ ਪਿੰਡ ਕੋਟਲਾ ਡੂਮ 'ਚ ਦੀਵਾਲੀ ਵਾਲੀ ਰਾਤ ਚੱਲੀਆਂ ਗੋਲੀਆਂ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਤਿੰਨ ਜ਼ਖ਼ਮੀ ਹੋ ਗਏ।

ਦੀਵਾਲੀ ਵਾਲੀ ਰਾਤ ਚੱਲੀਆਂ ਗੋਲੀਆਂ ਨਾਲ ਇੱਕ ਦੀ ਮੌਤ
ਦੀਵਾਲੀ ਵਾਲੀ ਰਾਤ ਚੱਲੀਆਂ ਗੋਲੀਆਂ ਨਾਲ ਇੱਕ ਦੀ ਮੌਤ (ETV BHARAT)

By ETV Bharat Punjabi Team

Published : Nov 2, 2024, 10:35 PM IST

ਅੰਮ੍ਰਿਤਸਰ: ਦਿਹਾਤੀ ਪੁਲਿਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਕੋਟਲਾ ਡੂਮ ਵਿਖੇ ਦੀਵਾਲੀ ਵਾਲੀ ਰਾਤ ਪਟਾਕੇ ਚਲਾਉਣ ਦੇ ਮਸਲੇ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਇਆ ਝਗੜਾ ਖੂਨੀ ਟਕਰਾਅ 'ਚ ਬਦਲ ਗਿਆ। ਜਿਸ ਵਿੱਚ ਇੱਕ ਧਿਰ ਵੱਲੋਂ ਚਲਾਈਆਂ ਗੋਲੀਆਂ ਨਾਲ ਇੱਕ 42 ਸਾਲਾ ਨੌਜਵਾਨ ਕਸ਼ਮੀਰ ਸਿੰਘ ਪੁੱਤਰ ਕਾਲਾ ਸਿੰਘ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ। ਜਦਕਿ ਤਿੰਨ ਵਿਅਕਤੀ ਲਵਪ੍ਰੀਤ ਸਿੰਘ, ਗੁਰਮੇਜ ਸਿੰਘ ਅਤੇ ਮੰਗਲ ਰਾਮ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

ਦੀਵਾਲੀ ਵਾਲੀ ਰਾਤ ਚੱਲੀਆਂ ਗੋਲੀਆਂ ਨਾਲ ਇੱਕ ਦੀ ਮੌਤ (ETV BHARAT)

ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕਸ਼ਮੀਰ ਸਿੰਘ ਦੇ ਵੱਡੇ ਭਰਾ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਰਹਿੰਦਾ ਪ੍ਰਵਾਸੀ ਮਜ਼ਦੂਰ ਮੰਗਤ ਰਾਮ, ਜੋ ਸਰਪੰਚੀ ਹਾਰਨ ਵਾਲੇ ਗੁਰਬਾਜ ਸਿੰਘ ਦੇ ਕੋਲ ਰਹਿੰਦਾ ਸੀ, ਗਲੀ ਵਿੱਚ ਪਟਾਕੇ ਚਲਾ ਰਿਹਾ ਸੀ, ਜਿਸ ਨੂੰ ਪਿੰਡ ਦੇ ਹੀ ਇੱਕ ਵਿਅਕਤੀ ਲਵਲੀ ਨੇ ਪਟਾਕੇ ਚਲਾਉਣ ਤੋਂ ਰੋਕਿਆ। ਇਸ ਗੱਲ ਨੂੰ ਲੈ ਕੇ ਦੋਹਾਂ ਧਿਰਾਂ ਵਿੱਚ ਝਗੜਾ ਹੋ ਗਿਆ ਅਤੇ ਦੋਹਾਂ ਪਾਰਟੀਆਂ ਦੇ ਬੰਦੇ ਇਕੱਠੇ ਹੋ ਗਏ। ਇਸ ਸਮੇਂ ਦੋਹਾਂ ਪਾਰਟੀਆਂ ਵਿੱਚ ਇੱਟਾਂ ਰੋੜੇ ਵੀ ਚੱਲੇ।

ਕਸ਼ਮੀਰ ਸਿੰਘ ਦੀ ਹੋਈ ਮੌਕੇ 'ਤੇ ਮੌਤ

ਬਲਦੇਵ ਸਿੰਘ ਨੇ ਦੱਸਿਆ ਕਿ ਇਸ ਮੌਕੇ 'ਤੇ ਉਹ ਅਤੇ ਉਸਦਾ ਭਰਾ ਕਸ਼ਮੀਰ ਸਿੰਘ ਦੋਵਾਂ ਪਾਰਟੀਆਂ ਨੂੰ ਸਮਝਾਉਣ ਵਾਸਤੇ ਚਲੇ ਗਏ ਅਤੇ ਉਨ੍ਹਾਂ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਇੰਨੀ ਦੇਰ ਨੂੰ ਸਰਪੰਚ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਆਏ 10-12 ਹਥਿਆਰਬੰਦ ਵਿਅਕਤੀਆਂ ਨੇ ਸਾਹਿਬ ਸਿੰਘ ਪੁੱਤਰ ਜਗੀਰ ਸਿੰਘ ਦੀ ਘਰ ਦੀ ਛੱਤ 'ਤੇ ਚੜ੍ਹ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ ਕਸ਼ਮੀਰ ਸਿੰਘ ਦੀ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਜ਼ਖਮੀ ਹੋ ਗਏ।

ਵੋਟਾਂ ਦੀ ਰੰਜਿਸ਼ ਦੇ ਚੱਲਦੇ ਕੀਤਾ ਹੋ ਸਕਦਾ ਕਤਲ

ਬਲਦੇਵ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਇਹ ਕਤਲ ਵੋਟਾਂ ਦੀ ਰੰਜਿਸ਼ ਕਰਕੇ ਹੋਇਆ ਹੈ, ਕਿਉਂਕਿ ਉਹ ਪੰਚਾਇਤੀ ਚੋਣਾਂ ਸਮੇਂ ਹਾਰਨ ਵਾਲੇ ਗੁਰਬਾਜ ਸਿੰਘ ਦੇ ਧੜੇ ਨਾਲ ਸਨ ਅਤੇ ਅਸੀਂ ਸਰਪੰਚ ਨਿਸ਼ਾਨ ਸਿੰਘ ਨੂੰ ਵੋਟਾਂ ਨਹੀਂ ਪਾਈਆਂ ਸਨ, ਜਿਸ ਕਰਕੇ ਉਸ ਵੱਲੋਂ ਇਹ ਗੋਲੀਬਾਰੀ ਕੀਤੀ ਗਈ ਹੈ।

ਪੁਲਿਸ ਵਲੋਂ ਮੁਲਜ਼ਮਾਂ ਦੀ ਭਾਲ ਜਾਰੀ

ਉਧਰ ਪੀੜਤ ਵਿਅਕਤੀਆਂ ਦੇ ਬਿਆਨਾਂ 'ਤੇ ਪੁਲਿਸ ਨੇ ਮੌਜੂਦਾ ਸਰਪੰਚ ਨਿਸ਼ਾਨ ਸਿੰਘ ਕੋਟਲਾ ਸਮੇਤ 12 ਵਿਅਕਤੀਆਂ 'ਤੇ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਕੋਟਲਾ ਡੂਮ 'ਚ ਗੋਲੀਆਂ ਚੱਲਣ ਦੀ ਖ਼ਬਰ ਮਿਲੀ ਸੀ, ਜਿਸ ਦੇ ਚੱਲਦੇ ਪੁਲਿਸ ਪਾਰਟੀ ਨਾਲ ਉਹ ਮੌਕੇ 'ਤੇ ਪੁੱਜੇ। ਜਿਥੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਸ ਗੋਲੀਬਾਰੀ 'ਚ ਇੱਕ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਕਰਕੇ ਪੁਲਿਸ ਦੀ ਭਾਲ 'ਚ ਜੁਟ ਗਈ ਹੈ।

ABOUT THE AUTHOR

...view details