ਅੰਮ੍ਰਿਤਸਰ: ਪਿਛਲੇ 10 ਮਹੀਨਿਆਂ ਤੋਂ ਖਨੌਰੀ ਅਤੇ ਸ਼ੰਭੂ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਕਈ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸੇ ਲੜੀ ਤਹਿਤ ਹੁਣ ਕਿਸਾਨ ਜਥੇਬੰਦੀਆਂ ਨੇ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ 26 ਦਸੰਬਰ ਨੂੰ ਖਨੌਰੀ ਸਰਹੱਦ 'ਤੇ ਟਰਾਂਸਪੋਰਟਰਾਂ, ਕਿਸਾਨਾਂ, ਵਪਾਰੀਆਂ, ਮੁਲਾਜ਼ਮਾਂ ਅਤੇ ਹੋਰਾਂ ਦੀ ਮੀਟਿੰਗ ਸੱਦੀ ਹੈ। ਬੰਦ ਦੌਰਾਨ ਪੰਜਾਬ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਬੱਸਾਂ ਅਤੇ ਹੋਰ ਵਾਹਨ ਨਹੀਂ ਚੱਲਣਗੇ ਅਤੇ ਬਾਜ਼ਾਰ ਅਤੇ ਵਪਾਰਕ ਅਦਾਰੇ ਵੀ ਬੰਦ ਰਹਿਣਗੇ। ਉਧਰ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਹੈ ਕਿ ਪੰਜਾਬ ਬੰਦ ਦੌਰਾਨ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ।
ਡੱਲੇਵਾਲ ਜੀ ਦੇ ਮਰਨ ਵਰਤ ਨੂੰ ਕੀਤਾ ਗਿਆ ਅੱਖੋਂ ਪਰੋਖੇ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਪੰਜਾਬ ਬੰਦ ਦੇ ਸੱਦੇ ’ਚ ਟਰੱਕ ਯੂਨੀਅਨ, ਸਟੁਡੈਂਟ ਯੂਨੀਅਨ, ਪੀਆਰਟੀਸੀ ਅਤੇ ਪ੍ਰਾਈਵੇਟ ਯੂਨੀਅਨ, ਮਜ਼ਦੂਰ ਯੂਨੀਅਨ, ਪੱਲੇਦਾਰ ਯੂਨੀਅਨ ਅਤੇ ਸਾਬਕਾ ਸੈਨਿਕ ਯੂਨੀਅਨ ’ਚ ਸ਼ਾਮਿਲ ਹੋਣ ਦੇ ਲਈ ਅਪੀਲ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ 13 ਫਰਵਰੀ ਤੋਂ ਸ਼ੁਰੂ ਹੋਏ ਦਿੱਲੀ ਅੰਦੋਲਨ ਤੇ ਅਤਿਆਚਾਰ ਕੀਤਾ ਗਿਆ ਹੈ ਅਤੇ 26 ਨਵੰਬਰ ਤੋਂ ਜਾਰੀ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ, ਅਜਿਹੀਆਂ ਹਾਲਤਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਅੰਦੋਲਨ ਨਾਲ ਇੱਕਜੁਟਤਾ ਦਿਖਾਉਂਦੇ ਹੋਏ ਆਪਣੇ ਕਾਰੋਬਾਰ ਇੱਕ ਦਿਨ ਲਈ ਬੰਦ ਕਰਕੇ ਸਹਿਯੋਗ ਦੇਣ ਤਾਂ ਜ਼ੋ ਇਹਨਾਂ ਕਾਰੋਬਾਰਾਂ ਤੇ ਬੁਰੀ ਨਜ਼ਰ ਰੱਖਣ ਵਾਲੇ ਕਾਰਪੋਰੇਟ ਘਰਾਣਿਆਂ ਨੂੰ ਸਾਂਝੇ ਰੂਪ ਵਿੱਚ ਹੱਕਾਂ ਦੀ ਰਾਖੀ ਲਈ ਦ੍ਰਿੜਤਾ ਜ਼ਾਹਿਰ ਕੀਤੀ ਜਾ ਸਕੇ।
ਸੰਘਰਸ਼ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ
ਦੱਸ ਦਈਏ ਕਿ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 29ਵੇਂ ਦਿਨ ’ਚ ਸ਼ਾਮਿਲ ਹੋ ਗਿਆ ਹੈ। 27 ਦਸੰਬਰ ਨੂੰ ਪੰਜਾਬ ਦੇ ਵੱਖ ਵੱਖ ਥਾਵਾਂ ’ਤੇ ਪੰਜਾਬ ਬੰਦ ਨੂੰ ਲੈ ਕੇ ਪ੍ਰਚਾਰ ਕੀਤਾ ਜਾਵੇਗਾ। ਪੰਜਾਬ ਬੰਦ ਦੇ ਸੱਦੇ ਦੇ ਚੱਲਦੇ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਵਿਆਹ ਸਮਾਗਮ, ਫਲਾਈਟ ਆਦਿ ਵਰਗੀਆਂ ਜਰੂਰੀ ਸੇਵਾਵਾਂ ਨੂੰ ਛੋਟ ਮਿਲੇਗੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਹੁਣ ਕਿਸਾਨਾਂ ਨੂੰ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
- ਡੱਲੇਵਾਲ ਦੀ ਇਹ ਸਪੀਚ ਸੁਣ ਕੇ ਅੱਖਾਂ 'ਚ ਆ ਜਾਣਗੇ ਹੰਝੂ, ਕਹਿੰਦੇ- ਗੁਆਂਢੀ ਸੂਬਿਆਂ ਦਾ ਉਲਾਂਭਾ ਲਾਹੁਣ ਦੀ ਕੋਸ਼ਿਸ਼ ਕੀਤੀ ਪਰ ਹੁਣ...
- ਲਓ ਜੀ, ਕਿਸਾਨਾਂ ਦੀ ਮੰਗ ਹੋਈ ਪੂਰੀ, ਐਮਐਸਪੀ 'ਤੇ ਫ਼ਸਲਾਂ ਖ਼ਰੀਦਣ ਦਾ ਨੋਟੀਫਿਕੇਸ਼ਨ ਹੋਇਆ ਜਾਰੀ, ਜਾਣੋ ਕਿਸ-ਕਿਸ ਫ਼ਸਲ 'ਤੇ ਮਿਲੇਗਾ MSP
- ਕਿਸਾਨੀ ਅੰਦੋਲਨ 'ਚ 'ਨਵੀਂ' ਜਾਨ!, ਖੇਤੀਬਾੜੀ ਕਮੇਟੀ ਵੱਲੋਂ ਵੀ ਐਮਐਸਪੀ ਦੀ ਸਿਫ਼ਾਰਿਸ਼, ਕੀ ਹੁਣ ਝੁਕੇਗੀ ਸਰਕਾਰ !