ਬਰਨਾਲਾ ਵਿਧਾਨ ਸਭਾ ਜਿਮਨੀ ਚੋਣ : ਪੰਜਵੇਂ ਦਿਨ 8 ਨਾਮਜ਼ਦਗੀਆਂ ਹੋਈਆਂ ਦਾਖ਼ਲ
ਬਰਨਾਲਾ ਵਿਧਾਨ ਸਭਾ ਜਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਦੌਰ ਜਾਰੀ ਹੈ। ਅੱਜ ਪੰਜਵੇਂ ਦਿਨ 8 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ।
Published : Oct 24, 2024, 10:29 PM IST
ਬਰਨਾਲਾ:ਬਰਨਾਲਾ ਵਿਧਾਨ ਸਭਾ ਜਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਦੌਰ ਜਾਰੀ ਹੈ। ਅੱਜ ਪੰਜਵੇਂ ਦਿਨ 8 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ। ਜਿਸ ਨਾਲ ਹੁਣ ਤੱਕ ਬਰਨਾਲਾ ਵਿੱਚ ਕੁੱਨ 9 ਨਾਮਜ਼ਦਗੀਆਂ ਦਾਖ਼ਲ ਹੋਈਆ ਹਨ। ਅੱਜ ਬਰਨਾਲਾ ਵਿੱਚ ਭਾਰਤੀ ਜਨਤਾ ਪਾਰਟੀ, ਕਾਂਗਰਸ, ਰੈਵੂਲੇਸ਼ਨਰੀ ਸੋਸ਼ਲਿਸਟ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਬਰਨਾਲਾ ਦੇ ਐਸਡੀਐਮ ਗੁਰਬੀਰ ਸਿੰਘ ਕੋਹਲੀ ਕੋਲ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ।
ਭਾਜਪਾ ਵਲੋਂ ਕੇਵਲ ਸਿੰਘ ਢਿੱਲੋਂ ਨੇ ਨਾਮਜ਼ਦਗੀ ਕੀਤੀ ਦਾਖ਼ਲ
ਅੱਜ ਬਰਨਾਲਾ ਵਿਧਾਨ ਸਭਾ ਲਈ ਭਾਜਪਾ ਵਲੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਨਾਮਜ਼ਦਗੀ ਦਾਖ਼ਲ ਕੀਤੀ। ਉਹਨਾਂ ਲਈ ਕਵਰਿੰਗ ਉਮੀਦਵਾਰ ਵਜੋਂ ਉਹਨਾਂ ਦੇ ਪੁੱਤਰ ਕਰਨ ਇੰਦਰ ਸਿੰਘ ਢਿੱਲੋਂ ਵਲੋਂ ਕਾਗਜ਼ ਦਾਖ਼ਲ ਕੀਤੇ ਗਏ। ਉਹਨਾਂ ਦੇ ਨਾਲ ਵੱਡਾ ਕਾਫ਼ਲਾ ਘਰ ਤੋਂ ਡੀਸੀ ਦਫ਼ਤਰ ਤੱਕ ਪੁੱਜਿਆ। ਇਸ ਮੌਕੇ ਭਾਜਪਾ ਆਗੂ ਮਨੋਰੰਜਨ ਕਾਲੀਆ ਅਤੇ ਪਰਮਪਾਲ ਕੌਰ ਮਲੂਕਾ ਵੀ ਹਾਜ਼ਰ ਰਹੇ।
ਕਾਂਗਰਸ ਵਲੋਂ ਕਾਲਾ ਢਿੱਲੋਂ ਨੇ ਭਰਹੀ ਨਾਮਜ਼ਦਗੀ
ਕਾਂਗਰਸ ਪਾਰਟੀ ਵਲੋਂ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਨਾਮਜ਼ਦਗੀ ਦਾਖ਼ਲ ਕੀਤੀ। ਜਦਕਿ ਉਹਨਾਂ ਦੇ ਕਵਰਿੰਗ ਕੈਂਡੀਡੇਟ ਵਜੋਂ ਉਹਨਾਂ ਦੇ ਪੁੱਤਰ ਅਰੁਣ ਪ੍ਰਤਾਪ ਸਿੰਘ ਢਿੱਲੋਂ ਨੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ। ਕਾਂਗਰਸ ਪਾਰਟੀ ਨੇ ਅੱਜ ਵਿਧਾਨ ਸਭਾ ਚੋਣ ਨੂੰ ਲੈ ਕੇ ਵੱਡ ਸ਼ਕਤੀ ਪ੍ਰਦਰਸ਼ਨ ਵੀ ਕੀਤਾ। ਇਸ ਦੌਰਾਨ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਵਿਜੈਇੰਦਰ ਸਿੰਗਲਾ ਵੀ ਹਾਜ਼ਰ ਰਹੇ।
ਤਿੰਨ ਆਜ਼ਾਦ ਉਮੀਦਵਾਰਾਂ ਚੋਣ ਮੈਦਾਨ ਵਿੱਚ
ਅੱਜ ਪੰਜਵੇਂ ਦਿਨ 3 ਆਜ਼ਾਦ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆ ਦਾਖ਼ਲ ਕੀਤੀਆਂ ਹਨ। ਇਹਨਾਂ ਵਿੱਚ ਸ਼ੋ੍ਰਮਣੀ ਅਕਾਲੀ ਦਲ ਤੋਂ ਵੱਖ ਹੋਏ ਗਰੁੱਪ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦਾ ਸਾਥੀ ਸੁਖਚੈਨ ਸਿੰਘ ਅਤਲਾ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਜਦਕਿ ਸਰਦੂਲ ਸਿੰਘ ਅਤੇ ਜੈ ਰਾਮ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰੇ ਹਨ। ਇਸਤੋਂ ਇਲਾਵਾ ਬੀਤੇ ਕੱਲ੍ਹ ਪੱਪੂ ਕੁਮਾਰ ਨੇ ਆਪਣੀ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ।
ਆਮ ਆਦਮੀ ਪਾਰਟੀ, ਬਾਗੀ ਗੁਰਦੀਪ ਬਾਠ ਅਤੇ ਮਾਨ ਦਲ ਭਲਕੇ ਭਰਨਗੇ ਨਾਮਜ਼ਦਗੀ
ਵਿਧਾਨ ਸਭਾ ਚੋਣ ਲਈ ਭਲਕੇ ਆਖ਼ਰੀ ਦਿਨ ਆਮ ਆਦਮੀ ਪਾਰਟ ਦਾ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ, ਬਾਗੀ ਗੁਰਦੀਪ ਸਿੰਘ ਬਾਠ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਵਲੋਂ ਆਪਣੀਆਂ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਜਾਣਗੀਆਂ। ਇਸਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਚੋਣਾਂ ਤੋਂ ਪਿੱਛੇ ਹੱਟ ਜਾਣ ਕਾਰਨ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਵਲੋਂ ਵੀ ਆਜ਼ਾਦ ਨਾਮਜ਼ਦਗੀ ਭਰਨ ਦੇ ਆਸਾਰ ਹਨ।