ਲੁਧਿਆਣਾ:ਸ਼ਹਿਰ ਦੇ ਬੰਦਾ ਮਹੱਲਾ ਉੱਚੀ ਗਲੀ ਦੇ ਵਿੱਚ 100 ਸਾਲ ਤੋਂ ਵੱਧ ਪੁਰਾਣੀ ਇੱਕ ਇਮਾਰਤ ਢਹਿ ਢੇਰੀ ਹੋ ਗਈ। ਇਸ ਇਮਾਰਤ ਦੀ ਲਪੇਟ ਵਿੱਚ ਆਉਣ ਕਰਕੇ ਇੱਕ ਛੋਟਾ ਬੱਚਾ ਅਤੇ ਉਸ ਦੀ ਮਾਂ ਅਤੇ ਹੋਰ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਜਿੰਨਾਂ ਨੂੰ ਦਰੇਸੀ ਨੇੜੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਰਾਣੀ ਇਮਾਰਤ ਡਿੱਗੀ (ETV BHARAT) ਇਮਾਰਤ ਡਿੱਗਣ ਨਾਲ ਤਿੰਨ ਜ਼ਖਮੀ
ਇਸ ਘਟਨਾ ਸਬੰਧੀ ਨੇੜੇ-ਤੇੜੇ ਦੇ ਲੋਕਾਂ ਨੇ ਦੱਸਿਆ ਕਿ ਬੱਚਾ ਫਿਲਹਾਲ ਕੁਝ ਬੋਲ ਨਹੀਂ ਪਾ ਰਿਹਾ ਹੈ। ਇਮਾਰਤ ਡਿੱਗਣ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਤਾਸ਼ ਦੇ ਪੱਤਿਆਂ ਦੇ ਵਾਂਗ ਇਮਾਰਤ ਕਿਸ ਤਰ੍ਹਾਂ ਢੈਅ ਢੇਰੀ ਹੋ ਗਈ ਹੈ ਅਤੇ ਇੱਕ ਮਹਿਲਾ ਜੋ ਕਿ ਆਪਣੇ ਬੱਚੇ ਨੂੰ ਚੁੱਕ ਕੇ ਲਿਜਾ ਰਹੀ ਹੈ, ਉਹ ਵਾਲ-ਵਾਲ ਬਚ ਜਾਂਦੀ ਹੈ। ਪਰ ਉਹ ਆਪਣੀ ਬੱਚੀ ਸਣੇ ਹੇਠਾਂ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਉਸ ਨੂੰ ਸੱਟਾਂ ਲੱਗੀਆਂ ਹਨ।
ਇਮਾਰਡ ਡਿੱਗਦੇ ਦੀ ਸੀਸੀਟੀਵੀ ਆਈ ਸਾਹਮਣੇ
ਹਾਲਾਂਕਿ ਇਮਾਰਤ ਡਿੱਗਣ ਤੋਂ ਕਾਫੀ ਦੇਰ ਬਾਅਦ ਵੀ ਪ੍ਰਸ਼ਾਸਨ ਅਤੇ ਰਾਹਤ ਕਾਰਜ ਕਰਮੀ ਮੌਕੇ 'ਤੇ ਨਹੀਂ ਪਹੁੰਚ ਸਕੇ। ਇਲਾਕੇ ਦੇ ਲੋਕਾਂ ਨੇ ਦੱਸਿਆ ਇਮਾਰਤ ਕਾਫੀ ਪੁਰਾਣੀ ਹੋ ਚੁੱਕੀ ਸੀ, ਪਹਿਲਾਂ ਵੀ ਇਮਾਰਤ ਦੇ ਮਾਲਕ ਨੂੰ ਇਸ ਨੂੰ ਰਿਪੇਅਰ ਕਰਵਾਉਣ ਲਈ ਕਈ ਵਾਰ ਕਿਹਾ ਜਾ ਚੁੱਕਾ ਸੀ ਪਰ ਮੁਰੰਮਤ ਨਾ ਕਰਾਉਣ ਕਰਕੇ ਅੱਜ ਇਹ ਹਾਦਸਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਜ਼ਖਮੀ ਹੋਏ ਹਨ, ਉਹਨਾਂ ਦੇ ਸਕੂਟਰ ਆਦਿ ਮਲਬੇ ਦੇ ਹੇਠਾਂ ਦੱਬੇ ਹੋਏ ਹਨ। ਹਾਲਾਂਕਿ ਸੁੱਖ ਦੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕੁਝ ਲੋਕਾਂ ਨੂੰ ਸੱਟਾਂ ਜਰੂਰ ਲੱਗੀਆਂ ਹਨ।
ਜਾਨੀ ਨੁਕਸਾਨ ਤੋਂ ਰਿਹਾ ਬਚਾਅ
ਮੌਕੇ ਦੀ ਸੀਸੀਟੀਵੀ ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੋਕ ਵਾਲ-ਵਾਲ ਬਚੇ ਹਨ। ਸਥਾਨਕ ਲੋਕਾਂ ਨੇ ਕਿਹਾ ਹੈ ਕਿ ਇਮਾਰਤ ਦੇ ਪਿਛਲੇ ਪਾਸੇ ਹੀ ਕੁਝ ਨੌਜਵਾਨ ਕਿਰਾਏ 'ਤੇ ਰਹਿੰਦੇ ਸਨ ਅਤੇ ਉਹ ਸਵੇਰੇ ਕੰਮ 'ਤੇ ਚਲੇ ਜਾਂਦੇ ਸਨ। ਇਸ ਕਰਕੇ ਜਿਸ ਵੇਲੇ ਇਹ ਇਮਾਰਤ ਡਿੱਗੀ, ਉਸ ਵੇਲੇ ਕੋਈ ਘਰ ਦੇ ਵਿੱਚ ਮੌਜੂਦ ਨਹੀਂ ਸੀ। ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।