ਆਜ਼ਾਦੀ ਦਿਹਾੜੇ ਮੌਕੇ ਸੀਐੱਮ ਮੈਡਲ ਲਈ ਸਨਮਾਨ (ETV Bharat) ਲੁਧਿਆਣਾ: ਆਜ਼ਾਦੀ ਦਿਹਾੜੇ ਮੌਕੇ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਲੰਧਰ ਵਿਖੇ ਹੋਣ ਜਾ ਰਹੇ ਸੂਬਾ ਪੱਧਰੀ ਸਮਾਗਮਾਂ ਦੇ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ। ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੋ ਅਫਸਰਾਂ ਦੀ ਚੋਣ ਇਥੋਂ ਕੀਤੀ ਗਈ ਹੈ, ਜਿਨਾਂ ਵਿੱਚੋਂ ਇੱਕ ਲੁਧਿਆਣਾ ਦੇ ਡਿਪਟੀ ਪੁਲਿਸ ਕਮਿਸ਼ਨਰ ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਹਨ ਅਤੇ ਦੂਜੇ ਅਫ਼ਸਰ ਸਾਈਬਰ ਸੈਲ ਇੰਚਾਰਜ ਜਤਿੰਦਰ ਸਿੰਘ ਹਨ। ਜਿਨਾਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਸਨਮਾਨਿਤ ਕੀਤਾ ਜਾਣਾ ਹੈ।
ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਫੋਰਸ ਦੇ ਵਿੱਚ ਜਦੋਂ ਕਿਸੇ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਹੌਸਲਾ ਹੋਰ ਵੱਧਦਾ ਹੈ। ਉਹਨਾਂ ਨੇ ਕਿਹਾ ਕਿ ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਰਹੀ ਹੈ ਕਿ ਜਿੰਨੀ ਫੋਰਸ ਹੈ, ਉਸ ਦੇ ਨਾਲ ਵੱਧ ਤੋਂ ਵੱਧ ਅਮਨ ਸ਼ਾਂਤੀ ਕਾਇਮ ਕਰਨ ਲਈ ਕੰਮ ਕੀਤਾ ਜਾਵੇ। ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਅਤੇ ਲੋਕਾਂ ਦੀ ਸੇਵਾ ਦੇ ਲਈ ਹਮੇਸ਼ਾ ਹੀ ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜਦੋਂ ਇਸ ਤਰ੍ਹਾਂ ਸਟੇਟ ਦੇ ਮੁਖੀ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਜ਼ਾਹਿਰ ਹੈ ਕਿ ਕਾਫੀ ਖੁਸ਼ੀ ਹੁੰਦੀ ਹੈ।
ਦੱਸ ਦਈਏ ਕਿ ਜਸਕਰਨਜੀਤ ਸਿੰਘ ਤੇਜਾ ਨੇ ਸਾਲ 2001 ਦੇ ਵਿੱਚ ਬਤੋਰ ਇੰਸਪੈਕਟਰ ਪੰਜਾਬ ਪੁਲਿਸ ਫੋਰਸ ਜੁਆਇਨ ਕੀਤੀ ਸੀ, ਜਸਕਰਨਜੀਤ ਸਿੰਘ ਤੇਜਾ ਪੰਜ ਡੀਜੀਪੀ ਡਿਸਕਾ ਪਹਿਲਾਂ ਹੀ ਹਾਸਿਲ ਕਰ ਚੁੱਕੇ ਹਨ। ਹੁਣ ਮੁੱਖ ਮੰਤਰੀ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਬਤੌਰ ਐਸਐਚ ਓ ਕਈ ਪੁਲਿਸ ਥਾਣਿਆਂ ਦੇ ਵਿੱਚ ਨੌਕਰੀ ਕਰਨ ਤੋਂ ਬਾਅਦ ਸਾਲ 2007 ਦੇ ਵਿੱਚ ਉਹਨਾਂ ਨੂੰ ਡੀਐਸਪੀ ਪ੍ਰਮੋਟ ਕੀਤਾ ਗਿਆ, ਸਾਲ 2013 ਦੇ ਵਿੱਚ ਜਸਕਰਨਜੀਤ ਸਿੰਘ ਤੇਜਾ ਨੂੰ ਐਸਐਸਪੀ ਵਜੋਂ ਪ੍ਰਮੋਟ ਕੀਤਾ ਗਿਆ ਅਤੇ ਉਹ ਲੁਧਿਆਣਾ ਦੇ ਵਿੱਚ ਬਤੌਰ ਏਡੀਸੀਪੀ ਸਿਟੀ 2 ਪ੍ਰਮੋਟ ਹੋਏ। ਸਾਲ 2019 ਤੱਕ ਉਹ ਏਡੀਸੀਪੀ ਅਹੁਦੇ ਤੇ ਰਹੇ।
ਉਹਨਾਂ ਨੂੰ ਪਹਿਲਾਂ ਵੀ ਸੀਐਮ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਹੁਣ ਮੁੜ ਤੋਂ ਆਜ਼ਾਦੀ ਦਿਹਾੜੇ ਮੌਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਏਡੀਸੀਪੀ ਰਹਿਣ ਤੋਂ ਬਾਅਦ ਉਹਨਾਂ ਦੀ ਪ੍ਰਮੋਸ਼ਨ ਡੀਸੀਪੀ ਵਜੋਂ ਕੀਤੀ ਗਈ। ਡੀਸੀਪੀ ਤੋਂ ਬਾਅਦ ਉਹ ਜੋਇੰਟ ਪੁਲਿਸ ਕਮਿਸ਼ਨਰ ਵੀ ਲੁਧਿਆਣੇ ਦੇ ਵਿੱਚ ਤੈਨਾਤ ਰਹੇ ਅਤੇ ਹੁਣ ਉਹਨਾਂ ਨੂੰ ਡਿਪਟੀ ਕਮਿਸ਼ਨਰ ਪੁਲਿਸ ਇਨਵੈਸਟੀਗੇਸ਼ਨ ਦੇ ਅਹੁਦੇ ਤੇ ਤੈਨਾਤ ਹਨ। ਕ੍ਰਿਮੀਨਲ ਕੇਸ ਸੁਲਝਾਉਣ ਦੇ ਵਿੱਚ ਜਸਕਰਨਜੀਤ ਸਿੰਘ ਦੇਜਾ ਦਾ ਅਹਿਮ ਰੋਲ ਰਿਹਾ ਹੈ। ਨਸ਼ੇ ਦੇ ਉੱਤੇ ਠੱਲ ਪਾਉਣ ਦੇ ਲਈ ਵੀ ਉਹਨਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਜਿਸ ਕਰਕੇ ਉਹਨਾਂ ਨੂੰ ਇਸ ਸਨਮਾਨ ਦੇ ਨਾਲ ਨਿਵਾਜਿਆ ਜਾ ਰਿਹਾ ਹੈ।