ਬਰਨਾਲਾ: ਪੰਜਾਬ 'ਚ ਹਾਲ ਹੀ 'ਚ ਹੋਈਆਂ ਪੰਚਾਇਤੀ ਚੋਣਾਂ ਤੋਂ ਬਾਅਦ ਅੱਜ ਬਰਨਾਲਾ ਵਿਖੇ ਨਵੀਆਂ ਚੁਣੀਆਂ ਪੰਚਾਇਤਾਂ ਦਾ ਸਹੁੰ ਚੁੱਕ ਸਮਾਗਮ ਹੋਇਆ। ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਕਾਰਨ ਚੋਣ ਜ਼ਾਬਤਾ ਕਰਕੇ ਨਵੀਆਂ ਪੰਚਾਇਤਾਂ ਸਹੁੰ ਚੁੱਕਣ ਤੋਂ ਰਹਿੰਦੀਆਂ ਸਨ, ਜਿਹਨਾਂ ਨੂੰ ਅੱਜ ਜਿਲ੍ਹਾ ਪੱਧਰੀ ਸਮਾਗਮ ਕਰਵਾ ਕੇ ਸਹੁੰ ਚੁਕਾਈ ਗਈ ਹੈ। ਬਰਨਾਲਾ ਦੇ ਬਾਬਾ ਕਾਲਾ ਮਹਿਲ ਸਟੇਡੀਅਮ ਵਿਖੇ ਬਰਨਾਲਾ ਦੀਆਂ 175 ਪੰਚਾਇਤਾਂ ਦੇ 175 ਸਰਪੰਚਾਂ ਅਤੇ 1285 ਪੰਚਾਂ ਵਲੋਂ ਸਹੁੰ ਚੁੱਕੀ ਗਈ। ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ।
ਬਰਨਾਲਾ ਦੀਆਂ ਪੰਚਾਇਤਾਂ ਦਾ ਹੋਇਆ ਸਹੁੰ ਚੁੱਕ ਸਮਾਗਮ (ETV BHARAT (ਬਰਨਾਲਾ-ਪੱਤਰਕਾਰ)) ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਕਿਹਾ ਕਿ ਅੱਜ ਬਰਨਾਲਾ ਜਿਲ੍ਹੇ ਦੇ ਸਰਪੰਚਾਂ ਅਤੇ ਪੰਚਾਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ ਹੈ। ਇਸ ਦੌਰਾ 175 ਸਰਪੰਚਾਂ ਅਤੇ 1285 ਪੰਚਾਂ ਨੂੰ ਸਹੁੰ ਚੁਕਾਈ ਗਈ ਹੈ। ਉਹਨਾਂ ਕਿਹਾ ਕਿ ਨਵੇਂ ਚੁਣੇ ਗਏ ਸਰਪੰਚਾਂ ਲਈ ਟ੍ਰੇਨਿੰਗ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ ਤਾਂ ਕਿ ਉਹਨਾਂ ਨੂੰ ਪੰਚਾਇਤਾਂ ਦੇ ਕੰਮਾਂ ਦੀ ਜਾਣਕਾਰੀ ਮਿਲ ਸਕੇ।
ਸਰਬਸੰਮਤੀ ਨਾਲ ਸਰਪੰਚਾਂ ਦੀ ਚੋਣ
ਇਸ ਮੌਕੇ ਐਮਪੀ ਮੀਤ ਹੇਅਰ ਨੇ ਕਿਹਾ ਕਿ ਅੱਜ ਸਹੁੰ ਚੁੱਕ ਸਮਾਗਮ ਮੌਕੇ ਉਹਨਾਂ ਨੇ ਸਮੂਹ ਸਰਪੰਚਾਂ ਅਤੇ ਪੰਚਾਂ ਨੂੰ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਬਰਨਾਲਾ ਜਿਲ੍ਹੇ ਵਿੱਚ 18 ਪੰਚਾਇਤਾਂ ਵਿੱਚ ਸਰਬਸੰਮਤੀ ਨਾਲ ਸਰਪੰਚਾਂ ਦੀ ਚੋਣ ਕੀਤੀ ਗਈ ਹੈ। ਇਹਨਾਂ ਪਿੰਡਾਂ ਦੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਹਨ, ਜੋ ਬਹੁਤ ਸ਼ਾਲਾਘਾਯੋਗ ਹੈ। ਉਹਨਾਂ ਕਿਹਾ ਕਿ ਹੁਣ ਅੱਗੇ ਵੀ ਸਮੂਹ ਪੰਚਾਂ ਅਤੇ ਸਰਪੰਚਾਂ ਤੋਂ ਉਮੀਦ ਕਰਦੇ ਹਨ ਕਿ ਸਾਰੀਆਂ ਪੰਚਾਇਤਾਂ ਬਿਨ੍ਹਾ ਪੱਖਪਾਤ ਤੋਂ ਆਪਣੇ ਪਿੰਡਾਂ ਦੇ ਲੋਕਾਂ ਲਈ ਕੰਮ ਕਰਨਗੇ। ਉਹਨਾਂ ਕਿਹਾ ਕਿ ਸਰਕਾਰ ਪਹਿਲਾਂ ਵੀ ਪਿੰਡਾਂ ਦੇ ਵਿਕਾਸ ਲਈ ਯਤਨ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਬਿਨ੍ਹਾਂ ਕਿਸੇ ਪੱਖਪਾਤ ਤੋਂ ਗ੍ਰਾਂਟਾਂ ਦਿਤੀਆਂ ਜਾਣਗੀਆਂ ਅਤੇ ਵਿਕਾਸ ਕਾਰਜ ਕੀਤੇ ਜਾਣਗੇ।
ਉਥੇ ਇਸ ਮੌਕੇ ਨਵੇਂ ਚੁਣੇ ਸਰਪੰਚਾਂ ਨੇ ਕਿਹਾ ਕਿ ਉਹਨਾਂ ਦੇ ਪਿੰਡਾਂ ਦੇ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਹੈ। ਜਿਸ ਕਰਕੇ ਉਹ ਹੁਣ ਆਪਣੇ ਪਿੰਡਾਂ ਦੇ ਲੋਕਾਂ ਦੀਆਂ ਉਮੀਦਾਂ ਉਪਰ ਖ਼ਰਾ ਉਤਰਨਗੇ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਲੰਬੇ ਸਮੇਂ ਤੋਂ ਪਿੰਡਾਂ ਦੇ ਵਿਕਾਸ ਦੀ ਯਤਨਸ਼ੀਲ ਰਹੇ ਹਨ ਅਤੇ ਹੁਣ ਅੱਗੇ ਵੀ ਸਰਕਾਰ ਨਾਲ ਤਾਲਮੇਲ ਕਰਕੇ ਵਿਕਾਸ ਕਾਰਜ ਕੀਤੇ ਜਾਣਗੇ। ਉਹਨਾਂ ਕਿਹਾ ਕਿ ਅੱਜ ਸਹੁੰ ਚੁੱਕੀ ਹੈ ਕਿ ਪਿੰਡਾਂ ਦੇ ਲੋਕਾਂ ਦਾ ਬਿਨ੍ਹਾਂ ਪੱਖਪਾਤ ਤੋਂ ਹਰ ਪਿੰਡ ਵਾਸੀ ਦਾ ਵਿਕਾਸ ਕਰਨਾ ਹੈ ਅਤੇ ਹਰ ਵਿਅਕਤੀ ਦੀ ਦੁੱਖ ਤਕਲੀਫ਼ ਦਾ ਹੱਲ ਕਰਨਾ ਹੈ।