ਚੰਡੀਗੜ੍ਹ: ਸੰਸਾਰ ਦੇ ਸਭ ਤੋਂ ਦੌਲਤਮੰਦ ਸਿੱਖਾਂ ਵਿੱਚੋਂ ਇੱਕ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੇ ਇਕਲੌਤੇ ਪੁੱਤਰ ਹਨ। ਪੰਜਾਬ ਵਿੱਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ, ਸੱਚਾ ਸੌਦਾ ਵਾਲੇ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦਿਵਾਉਣ ਅਤੇ ਗੁਰਦੁਆਰਿਆਂ ਦੀ ਗੋਲਕ ਦੇ ਪੈਸਿਆਂ ਨੂੰ ਇਸ਼ਤਿਹਾਰਬਾਜ਼ੀ ਲਈ ਖਰਚ ਕਰਨ ਵਰਗੇ ਗੁਨਾਹਾਂ ਨੂੰ ਕਬੂਲ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਈ ਤਨਖਾਹ ਮੁਤਾਬਿਕ ਸ੍ਰੀ ਦਰਬਾਰ ਸਾਹਿਬ ਸੇਵਾ ਨਿਭਾ ਰਹੇ ਹਨ।
ਬੁੱਧਵਾਰ ਸਵੇਰੇ ਹੱਥ ਵਿੱਚ ਬਰਛਾ ਫੜੀ ਸੁਖਬੀਰ ਸਿੰਘ ਬਾਦਲ 'ਤੇ ਜਾਨਲੇਵਾ ਹਮਲਾ ਹੋਇਆ। ਹਲਾਂਕਿ ਸੁਖਬੀਰ ਸਿੰਘ ਬਾਦਲ ਇਸ ਕਾਤਲਾਨਾ ਹਮਲੇ ਵਿੱਚ ਬਚ ਗਏ। 25 ਸਾਲ ਰਾਜ ਕਰਨ ਦਾ ਸੁਪਨਾ ਦੇਖਣ ਵਾਲੇ ਸੁਖਬੀਰ ਸਿੰਘ ਬਾਦਲ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਗੀ ਅਹੁਦੇ ਤੋਂ ਵੀ ਅਸਤੀਫ਼ਾ ਦੇ ਚੁੱਕੇ ਹਨ। ਕੋਈ ਸਮਾਂ ਸੀ ਜਦੋਂ ਸਾਰਾ ਪੰਜਾਬ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਚਲਦਾ ਸੀ ਤੇ ਅੱਜ ਪੰਜਾਬ ਦੇ ਲੋਕ ਉਨ੍ਹਾਂ ਨੂੰ ਬੇਵੱਸ ਅਤੇ ਤਰਸਯੋਗ ਹਾਲਤ ਵਿੱਚ ਵੀਲ੍ਹ-ਚੇਅਰ 'ਤੇ ਦੇਖ ਰਹੇ ਹਨ। ਉਹ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਨਾ ਹੀ ਪੰਜਾਬ ਦੀ ਕਿਸੇ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਉਹ ਇਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਤਨਖਾਹ ਮੁਤਾਬਿਕ ਆਪਣੇ ਗੁਨਾਹਾਂ ਦਾ ਪਸ਼ਚਾਤਾਪ ਕਰ ਰਹੇ ਹਨ। 2009 ਤੋਂ 2017 ਤੱਕ ਆਪਣੇ ਪਿਤਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਅਧੀਨ ਪੰਜਾਬ ਦੇ ਉਪ-ਮੁੱਖ ਮੰਤਰੀ ਰਹੇ 62 ਸਾਲਾਂ ਦੇ ਸੁਖਬੀਰ ਸਿੰਘ ਬਾਦਲ ਦੀ ਨਿੱਜੀ ਜ਼ਿੰਦਗੀ ਬਾਰੇ ਅਸੀਂ ਤੁਹਾਨੂੰ ਜਾਣੂੰ ਕਰਵਾ ਰਹੇ ਹਾਂ।
ਸੁਖਬੀਰ ਸਿੰਘ ਬਾਦਲ ਦਾ ਪਿਛੋਕੜ
ਸੁਖਬੀਰ ਸਿੰਘ ਬਾਦਲ ਦਾ ਜਨਮ 9 ਜੁਲਾਈ 1962 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ 'ਚ ਢਿੱਲੋਂ ਜੱਟ ਸਿੱਖ ਪਰਿਵਾਰ ਵਿੱਚ ਹੋਇਆ। ਸੁਖਬੀਰ ਸਿੰਘ ਬਾਦਲ ਦੀ ਮਾਤਾ ਸੁਰਿੰਦਰ ਕੌਰ ਸਨ। ਸੁਖਬੀਰ ਦੀ ਇੱਕ ਵੱਡੀ ਭੈਣ ਹੈ ਜਿਸਦਾ ਨਾਮ ਪ੍ਰਨੀਤ ਕੌਰ ਹੈ, ਜੋ ਅਦੇਸ਼ ਪ੍ਰਤਾਪ ਕੈਰੋਂ ਦੀ ਸੁਪਤਨੀ ਹੈ। ਸੁਖਬੀਰ ਦਾ ਵਿਆਹ 21 ਨਵੰਬਰ 1991 ਨੂੰ ਮਜੀਠੀਆ ਪਰਿਵਾਰ ਦੀ ਹਰਸਿਮਰਤ ਕੌਰ ਨਾਲ ਹੋਇਆ। ਉਹ ਵੀ ਇੱਕ ਸਿਆਸਤਦਾਨ ਹਨ ਅਤੇ 2009 ਤੋਂ ਬਠਿੰਡਾ ਤੋਂ ਸੰਸਦ ਮੈਂਬਰ ਹਨ। ਸੁਖਬੀਰ ਦੇ ਤਿੰਨ ਬੱਚੇ ਹਨ, ਬੇਟਾ ਅਨੰਤਬੀਰ ਸਿੰਘ ਬਾਦਲ ਅਤੇ ਦੋ ਬੇਟੀਆਂ ਹਰਲੀਨ ਕੌਰ ਅਤੇ ਗੁਰਲੀਨ ਕੌਰ, ਜੋ ਕਿ ਬਾਦਲ ਪਰਿਵਾਰ ਦੇ ਵਪਾਰ ਨੂੰ ਦੇਖ ਰਹੇ ਹਨ।
ਸੁਖਬੀਰ ਸਿੰਘ ਬਾਦਲ ਦੇ 28 ਸਾਲ ਦੇ ਸਿਆਸੀ ਸਫ਼ਰ 'ਤੇ ਝਾਤ
1996: ਸੁਖਬੀਰ ਸਿੰਘ ਬਾਦਲ ਫਰੀਦਕੋਟ ਹਲਕੇ ਤੋਂ 11ਵੀਂ ਲੋਕ ਸਭਾ ਵਿੱਚ ਸੰਸਦ ਮੈਂਬਰ ਚੁਣੇ ਗਏ।
1998: ਉਹ 12ਵੀਂ ਲੋਕ ਸਭਾ ਵਿੱਚ ਫ਼ਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਵਜੋਂ ਮੁੜ ਚੁਣੇ ਗਏ।
1998: ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਸੁਖਬੀਰ ਨੂੰ ਕੇਂਦਰੀ ਉਦਯੋਗ ਰਾਜ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ। ਉਹ ਲਗਭਗ ਇੱਕ ਸਾਲ ਰਾਜ ਮੰਤਰੀ ਰਹੇ।
2001: ਉਹ ਰਾਜ ਸਭਾ ਲਈ ਚੁਣੇ ਗਏ ਅਤੇ 2004 ਤੱਕ ਰਾਜ ਸਭਾ ਦੇ ਮੈਂਬਰ ਰਹੇ।
2004: ਉਹ 14ਵੀਂ ਲੋਕ ਸਭਾ ਵਿੱਚ ਫ਼ਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਵਜੋਂ ਮੁੜ ਚੁਣੇ ਗਏ।
2008: ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ।
2009: ਅਕਾਲੀ-ਬੀਜੇਪੀ ਸਰਕਾਰ ਵੇਲੇ ਪੰਜਾਬ ਦੇ ਉਪ ਮੁੱਖ ਮੰਤਰੀ ਬਣੇ। ਉਸ ਸਮੇਂ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਨਹੀਂ ਸਨ। ਵਿਵਾਦ ਉੱਠਣ ਮਗਰੋਂ ਛੇ ਮਹੀਨਿਆਂ ਬਾਅਦ ਸੁਖਬੀਰ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
2009: ਸੁਖਬੀਰ ਨੇ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਜਿੱਤੀ ਅਤੇ ਅਗਸਤ 2009 ਵਿੱਚ ਦੁਬਾਰਾ ਉਪ ਮੁੱਖ ਮੰਤਰੀ ਬਣੇ।
2012 : ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਮੁੜ ਵਿਧਾਇਕ ਬਣੇ ਅਤੇ ਅਕਾਲੀ-ਬੀਜੇਪੀ ਸਰਕਾਰ ਵਿੱਚ ਗ੍ਰਹਿ ਮੰਤਰੀ ਬਣੇ।
2017:ਜਲਾਲਾਬਾਦ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਅਤੇ ਕਾਂਗਰਸ ਦੇ ਰਵਨੀਤ ਬਿੱਟੂ ਨੂੰ ਹਰਾ ਕੇ ਉਹ ਮੁੜ ਵਿਧਾਇਕ ਬਣੇ
2019 - ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ ਹਰਾ ਕੇ ਸੁਖਬੀਰ ਬਾਦਲ 17ਵੀਂ ਲੋਕ ਸਭਾ ਲਈ ਮੈਂਬਰ ਪਾਰਲੀਮੈਂਟ ਬਣੇ।
2022 - ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸਨ ਅਤੇ ਜਲਾਲਾਬਾਦ ਹਲਕੇ ਤੋਂ ਆਪ ਦੇ ਜਗਦੀਪ ਗੋਲਡੀ ਕੰਬੋਜ ਤੋਂ ਹਾਰ ਗਏ।
2024 - ਨਵੰਬਰ ਮਹੀਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਦੇ ਵਿਰੋਧ ਮਗਰੋਂ ਸੁਖਬੀਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ।
ਸੁਖਬੀਰ ਸਿੰਘ ਬਾਦਲ ਦੇ ਦਿਲਚਸਪ ਕਿੱਸੇ
ਇੱਕ ਟੀਵੀ ਇੰਟਰਵਿਊ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਸੀ ਕਿ ਉਨ੍ਹਾਂ ਆਪਣੀ ਪੜ੍ਹਾਈ ਦੀ ਸ਼ੁਰੂਆਤ ਪਿੰਡ ਬਾਦਲ ਦੇ ਸਰਕਾਰੀ ਸਕੂਲ ਤੋਂ ਹੀ ਕੀਤੀ ਸੀ।ਕਰੀਬ ਡੇਢ ਸਾਲ ਬਾਅਦ ਉਹ ਡੱਬਵਾਲੀ ਦੇ ਰਾਜਾਰਾਮ ਸਕੂਲ ਵਿੱਚ ਜਾਣ ਲੱਗ ਪਏ, ਇੱਕ ਸਾਲ ਪੜ੍ਹਨ ਤੋਂ ਬਾਅਦ ਉਹ ਬਠਿੰਡਾ ਕੌਨਵੈਂਟ ਬੋਰਡਿੰਗ ਸਕੂਲ ਵਿੱਚ 2 ਸਾਲ ਪੜ੍ਹੇ। ਇਸ ਤੋਂ ਬਾਅਦ ਉਨ੍ਹਾਂ ਨੇ ਸਕੂਲੀ ਪੜ੍ਹਾਈ ਦੇਹਰਾਦੂਨ ਅਤੇ ਲਾਰੈਂਸ ਸਕੂਲ ਸਨਾਵਰ ਵਿੱਚ ਪੂਰੀ ਕੀਤੀ। ਆਪਣੀਆਂ ਸਕੂਲੀ ਯਾਦਾਂ ਬਾਰੇ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਦੱਸਿਆ ਸੀ ਕਿ ਬੋਰਡਿੰਗ ਸਕੂਲ ਵਿੱਚ ਜਾਣਾ ਉਨ੍ਹਾਂ ਲਈ ਕਾਫ਼ੀ ਔਖਾ ਫ਼ੈਸਲਾ ਸੀ ਪਰ ਉਹ ਸਮਝਦੇ ਹਨ ਕਿ ਬੱਚਿਆਂ ਨੂੰ ਬੋਰਡਿੰਗ ਸਕੂਲ ਭੇਜਿਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਬੱਚੇ ਜ਼ਿੰਦਗੀ ਦਾ ਅਨੁਸ਼ਾਸਨ ਸਿੱਖਦੇ ਹਨ, ਜੋ ਬੱਚਾ ਘਰ ਮਾਪਿਆਂ ਨਾਲ ਰਹਿ ਕੇ ਨਹੀਂ ਸਿੱਖ ਸਕਦਾ।
ਸੁਖਬੀਰ ਬਾਦਲ ਨੇ ਪੋਸਟ ਗਰੈਜੂਏਟ ਡਿਗਰੀ (1980-1984) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਇਸ ਤੋਂ ਬਾਅਦ ਉਹ ਐਮਬੀਏ ਦੀ ਪੜ੍ਹਾਈ ਲਈ ਅਮਰੀਕਾ ਚਲੇ ਗਏ। ਸੁਖਬੀਰ ਦੱਸਦੇ ਹਨ ਕਿ ਉਹ ਬੀਏ ਤੋਂ ਬਾਅਦ ਖੇਤੀ ਕਰਨਾ ਚਾਹੁੰਦੇ ਸਨ ਪਰ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜ਼ਮੀਨ ਜਾਇਦਾਦ ਤਾਂ ਕੋਈ ਖੋਹ ਵੀ ਸਕਦਾ ਹੈ ਪਰ ਪੜ੍ਹਾਈ ਕੋਈ ਨਹੀਂ ਖੋਹ ਸਕਦਾ। ਪਿਤਾ ਦੇ ਸਮਝਾਉਣ ਮਗਰੋਂ ਉਨ੍ਹਾਂ ਨੇ ਨਾ ਪੰਜਾਬ ਯੂਨੀਵਰਸਿਟੀ ਵਿੱਚ ਆਪਣੀ ਐੱਮਏ ਅਰਥ ਸਾਸ਼ਤਰ ਪੂਰੀ ਕੀਤੀ ਦੇ ਮਗਰੋਂ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ, ਲੌਸ ਏਂਜਲਸ ਤੋਂ ਐੱਮਬੀਏ ਦੀ ਡਿਗਰੀ ਲਈ। ਕਿਸੇ ਵੇਲੇ ਸਿਆਸਤ ਵਿੱਚ ਬਿਲਕੁਲ ਵੀ ਰੁਚੀ ਨਾ ਰੱਖਣ ਵਾਲੇ ਸੁਖਬੀਰ ਨੂੰ ਆਪਣਾ ਭਵਿੱਖ ਖੇਤੀਬਾੜੀ ਜਾਂ ਕਾਰੋਬਾਰ ਵਿੱਚ ਦਿਖਦਾ ਸੀ। ਪਰ ਅੱਜ ਜੇ ਉਨ੍ਹਾਂ ਦੇ ਕਰੀਅਰ ਉੱਤੇ ਝਾਤ ਮਾਰੀਏ ਤਾਂ ਉਹ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵੱਡੇ ਕੱਦਾਵਰ ਆਗੂਆਂ ਵਿੱਚੋਂ ਇੱਕ ਹਨ।
2008 ਵਿੱਚ ਸਾਂਭੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ
ਸ਼੍ਰੋਮਣੀ ਅਕਾਲੀ ਦਲ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਸੁਖਬੀਰ ਸਿੰਘ ਬਾਦਲ ਸਾਲ 2008 ਤੋਂ ਪ੍ਰਧਾਨ ਬਣੇ ਹੋਏ ਹਨ। ਹਲਾਂਕਿ ਨਵੰਬਰ ਵਿੱਚ ਉਨ੍ਹਾਂ ਨੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਅਕਾਲੀ ਦਲ ਦੇ ਇਤਿਹਾਸ ਵਿੱਚ ਸਭ ਤੋਂ ਨੌਜਵਾਨ ਪ੍ਰਧਾਨ ਬਣਨ ਵਾਲੇ ਆਗੂ ਹਨ। ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਈਆਂ ਚੋਣਾਂ ਵਿੱਚ ਉਨ੍ਹਾਂ ਪਾਰਟੀ ਦੀ ਅਗਵਾਈ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਦਾ ਮੁੱਖ ਮੰਤਰੀ ਚਿਹਰਾ ਵੀ ਸੁਖਬੀਰ ਸਿੰਘ ਬਾਦਲ ਹੀ ਸਨ। ਪਰ ਪਾਰਟੀ ਦੇ 117 ਉਮੀਦਵਾਰਾਂ ਵਿੱਚ ਸਿਰਫ਼ 3 ਜਣੇ ਹੀ ਵਿਧਾਇਕ ਬਣ ਸਕੇ ਅਤੇ ਪੰਜਾਬ ਉੱਤੇ ਲਗਾਤਾਰ 10 ਸਾਲ ਰਾਜ ਕਰਨ ਵਾਲੀ ਇਕਲੌਤੀ ਪਾਰਟੀ ਪੰਜਾਬ ਵਿੱਚ ਤੀਜੇ ਨੰਬਰ ਦੀ ਪਾਰਟੀ ਬਣ ਕੇ ਰਹਿ ਗਈ। ਅੱਜ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ ਅਧਾਰ ਮੁਕੰਮਲ ਤੌਰ 'ਤੇ ਗੁਆ ਚੁੱਕੀ ਹੈ।
ਸੁਖਬੀਰ ਦਾ ਕਾਰੋਬਾਰ ਅਤੇ ਰੀਅਲ ਅਸਟੇਟ
ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦਾ ਪਰਿਵਾਰ ਸਿੱਧੇ ਜਾਂ ਅਸਿੱਧੇ ਤੌਰ 'ਤੇ ਵੱਖ-ਵੱਖ ਕਾਰੋਬਾਰਾਂ ਨਾਲ ਜੁੜਿਆ ਹੋਇਆ ਹੈ। ਉਹ ਪੰਜਾਬੀ-ਭਾਸ਼ਾ ਦੇ ਇੱਕ ਨਿੱਜੀ ਚੈਨਲਵ ਵਿੱਚ ਬਹੁਗਿਣਤੀ ਹਿੱਸੇਦਾਰੀ ਦਾ ਮਾਲਕ ਹੈ। ਇਸ ਤੋਂ ਇਲਾਵਾ ਔਰਬਿਟ ਐਵੀਏਸ਼ਨ, ਡੱਬਵਾਲੀ ਟਰਾਂਸਪੋਰਟ, ਇੰਡੋ-ਕੈਨੇਡੀਅਨ ਟ੍ਰਾਂਸਪੋਰਟ, ਮੈਟਰੋ ਈਕੋ ਗ੍ਰੀਨ ਰਿਜ਼ੋਰਟ, ਸਾਂਝ ਫਾਊਂਡੇਸ਼ਨ, ਫਾਲਕਨ ਪ੍ਰਾਪਰਟੀਜ਼, ਪੰਜਾਬ ਐਨੀਮਲ ਬਰੀਡਰਜ਼, ਗੁਰਬਾਜ਼ ਮੀਡੀਆ, ਜੀ-ਨੈਕਸਟ ਮੀਡੀਆ, ਰਾਜਧਾਨੀ ਐਕਸਪ੍ਰੈਸ, ਤਾਜ ਟਰੈਵਲਜ਼, ਪੀ.ਟੀ.ਸੀ. ਗਰੁੱਪ, ਅਤੇ ਔਰਬਿਟ ਰਿਜ਼ੌਰਟਸ ਵੀ ਬਾਦਲ ਪਰਿਵਾਰ ਦੇ ਨਾਮ ਬੋਲਦੇ ਹਨ।
- ਬਿਕਰਮ ਮਜੀਠੀਆ ਦਾ ਵੱਡਾ ਬਿਆਨ, ਕਿਹਾ-ਹਮਲਾ ਕਰਨ ਵਾਲੇ ਦਾ ਕਾਂਗਰਸੀ ਲੀਡਰਾਂ ਨਾਲ ਲਿੰਕ, ਮੀਡੀਆ ਸਾਹਮਣੇ ਜਾਰੀ ਕੀਤੀਆਂ ਤਸਵੀਰਾਂ
- ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼ ਨਾਲ ਸਿਆਸਤ 'ਚ ਆਇਆ ਭੂਚਾਲ, ਜਾਣੋ ਕੌਣ ਕਿਸ ਨੂੰ ਮੰਨ ਰਿਹਾ ਕਸੂਰਵਾਰ?
- ਨਰਾਇਣ ਸਿੰਘ ਚੌੜਾ ਕੌਣ ਹੈ? ਜਿਸ ਨੇ ਸੁਖਬੀਰ ਬਾਦਲ 'ਤੇ ਗੋਲੀ ਚਲਾਉਣ ਦੀ ਕੀਤੀ ਕੋਸ਼ਿਸ਼?
- ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼, ਦਰਬਾਰ ਸਾਹਿਬ ਦੇ ਬਾਹਰ ਹੀ ਚਲਾਈ ਗੋਲ਼ੀ
- ਸੁਖਬੀਰ ਬਾਦਲ ਨੇ ਕਿਹੜੇ-ਕਿਹੜੇ ਗੁਨਾਹ ਕੀਤੇ ਕਬੂਲ, ਜਾਣੋ ਇੱਕ-ਇੱਕ ਗੁਨਾਹਾਂ ਬਾਰੇ