ਚੰਡੀਗੜ੍ਹ:ਆਖ਼ਿਰਕਾਰ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਹੋ ਹੀ ਗਿਆ। ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਵੱਲੋਂ ਖ਼ੁਦ ’ਤੇ ਲੱਗੇ ਐਨਐਸਏ ਨੂੰ ਚੁਣੌਤੀ ਦਿੱਤੀ ਗਈ ਹੈ । ਇਸੇ ਚੁਣੌਤੀ ਦੇ ਆਧਾਰ 'ਤੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਸੋਧੀ ਹੋਈ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸੁਣਵਾਈ ਹੋਈ। ਇਸ ਦੌਰਾਨ ਹਾਈਕੋਰਟ ਨੇ ਪੰਜਾਬ ਸਮੇਤ ਕੇਂਦਰ ਸਰਕਾਰ ਨੂੰ ਨੋਟਿਸ ਕਰਕੇ ਜਵਾਬ ਮੰਗਿਆ ਹੈ।
ਕਦੋਂ ਹੋਵੇਗੀ ਅਗਲੀ ਸੁਣਵਾਈ: ਕਾਬਲੇਜ਼ਿਕਰ ਅੰਮ੍ਰਿਤਪਾਲ ਸਿੰਘ ਨੇ ਖੁਦ ’ਤੇ ਲੱਗੇ ਨੈਸ਼ਨਲ ਸਿਿਕਉਰਿਟੀ ਐਕਟ ਨੂੰ ਹਾਈਕੋਰਟ ’ਚ ਚੁਣੌਤੀ ਦਿੱਤੀ ਹੈ ਜਿਸ ’ਤੇ ਸੁਣਵਾਈ ਹੋਈ ਹੈ। ਇਸ ਪਟੀਸ਼ਨ ’ਤੇ ਹੁਣ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ। ਇਸ ਪਟੀਸ਼ਨ ’ਚ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ’ਤੇ ਦੂਜੀ ਵਾਰ ਐਨਐਸਏ ਲੱਗਿਆ ਹੈ। ਇਸ ਸਬੰਧੀ ਜੋ ਵੀ ਕਾਰਨ ਦੱਸੇ ਗਏ ਹਨ ਉਹ ਪੂਰੀ ਤਰ੍ਹਾਂ ਗਲਤ ਹਨ ਅਤੇ ਹੁਣ ਉਹ ਸੰਸਦ ਦੀਆਂ ਚੋਣਾਂ ਜਿੱਤ ਚੁੱਕੇ ਹਨ। ਉਸ ’ਤੇ ਲੱਗਿਆ ਐਨਐਸਏ ਰੱਦ ਕੀਤਾ ਜਾਣਾ ਚਾਹੀਦਾ ਹੈ।
ਪੰਜਾਬ ਸਰਕਾਰ ਨੇ ਮੰਗਿਆ ਸਮਾਂ: ਆਪਣੀ ਪਟੀਸ਼ਨ ’ਚ ਅੰਮ੍ਰਿਤਪਾਲ ਸਿੰਘ ਨੇ ਕੇਂਦਰ ਸਣੇ ਪੰਜਾਬ ਸਰਕਾਰ ਨੂੰ ਪੱਖ ਬਣਾਇਆ ਹੈ। ਜਿਸ ’ਤੇ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਜਦੋਂ ਪਹਿਲਾਂ ਐਨਐਸਏ ਲਗਾਇਆ ਗਿਆ ਸੀ ਉਸ ਸਮੇਂ ਅੰਮ੍ਰਿਤਪਾਲ ਸਿੰਘ ਉਸ ’ਤੇ ਕੋਈ ਚੁਣੌਤੀ ਨਹੀਂ ਦਿੱਤੀ ਸੀ। ਦੂਜੇ ਪਾਸੇ ਜਵਾਬ ਦਾਖਿਲ ਕਰਨ ਦੇ ਲਈ ਪੰਜਾਬ ਸਰਕਾਰ ਨੇ ਤਿੰਨ ਹਫਤਿਆਂ ਦਾ ਸਮਾਂ ਮੰਗਿਆ ਹੈ। ਇਸ ਤੋਂ ਪਹਿਲਾਂ ਜਦੋਂ ਪਟੀਸ਼ਨ ’ਤੇ ਸੁਣਵਾਈ ਹੋਈ ਸੀ ਤਾਂ ਪਟੀਸ਼ਨ ’ਚ ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਦੀ ਉਮਰ ਅਤੇ ਪਤਾ ਵੀ ਸਹੀ ਨਹੀਂ ਸੀ। ਇਸ ’ਤੇ ਸਰਕਾਰੀ ਵਕੀਲ ਵੱਲੋਂ ਸਵਾਲ ਚੁੱਕੇ ਗਏ ਜਿਸ ਤੋਂ ਬਾਅਦ ਸੁਣਵਾਈ ਨੂੰ ਮੁਲਤਵੀ ਕਰ ਦਿੱਤੀ।
ਕਾਬਲੇਗੌਰ ਹੈ ਇਸ ਸਮੇਂ ਅੰਮ੍ਰਿਤਪਾਲ ਸਿੰਘ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ ਅਤੇ ਉਨ੍ਹਾਂ ਉਪਰ ਪੰਜਾਬ ਸਰਕਾਰ ਵੱਲੋਂ ਐਨਐਸਏ ਲਗਾਇਆ ਹੈ ਜਿਸਨੂੰ ਇਕ ਸਾਲ ਦੇ ਲਈ ਹੋਰ ਵਧਾ ਦਿੱਤਾ ਗਿਆ ਹੈ। ਜੀ ਹਾਂ ਪੰਜਾਬ ਸਰਕਾਰ ਨੇ 3 ਜੂਨ ਨੂੰ ਚਿੱਠੀ ਜਾਰੀ ਕਰਕੇ ਅੰਮ੍ਰਿਤਪਾਲ ਸਿੰਘ ਸਣੇ ਉਨ੍ਹਾਂ ਦੇ 9 ਸਾਥੀਆਂ ’ਤੇ ਲੱਗੀ ਐਨਐਸਏ ’ਚ ਵਾਧਾ ਕਰ ਦਿੱਤਾ ਸੀ। ਹੁਣ ਇਸ ਦੀ ਮਿਆਦ 23 ਅਪ੍ਰੈਲ 2025 ਤੱਕ ਹੈ। ਹੁਣ ਵੇਖਣਾ ਹੋਵੇਗਾ ਕਿ ਆਖ਼ਿਰ ਪੰਜਾਬ ਸਰਕਾਰ ਅਤੇ ਕੇਂਦਰ ਆਪਣੇ ਜਵਾਬ 'ਚ ਕੀ ਆਖਣਗੇ ਅਤੇ ਕਦੋਂ ਜਵਾਬ ਦਾਖਲ ਕਰਨਗੇ।