ਮੋਗਾ/ ਬਠਿੰਡਾ:ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਟੀਮ ਨੇ ਅੱਜ ਤੜਕਸਾਰ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਵਿੱਚ ਛਾਪਾ ਮਾਰਿਆ। ਐਨਆਈਏ ਦੀ ਟੀਮ ਇੱਥੇ ਕੁਲਵੰਤ ਸਿੰਘ (ਉਮਰ 42 ਸਾਲ) ਪੁੱਤਰ ਦੇਵ ਸਿੰਘ ਵਾਸੀ ਪਿੰਡ ਬਿਲਾਸਪੁਰ ਨਾਂ ਦੇ ਟਰੱਕ ਡਰਾਈਵਰ ਦੇ ਘਰ ਪਹੁੰਚੀ ਹੈ। ਇਹ ਟਰੱਕ ਡਰਾਈਵਰ ਰਾਮਪੁਰਾ ਫੂਲ ਵਿੱਚ ਬਣੀ ਸੀਮਿੰਟ ਫੈਕਟਰੀ ਲਈ ਟਰੱਕ ਚਲਾਉਂਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਅਕਸਰ ਸੋਸ਼ਲ ਮੀਡੀਆ 'ਤੇ ਖਾਲਿਸਤਾਨ ਦੇ ਸਮਰਥਨ 'ਚ ਪੋਸਟਾਂ ਪਾਉਂਦਾ ਰਹਿੰਦਾ ਸੀ। ਇਸ ਕਾਰਨ ਉਹ NIA ਦੇ ਨਿਸ਼ਾਨੇ 'ਤੇ ਸੀ ਅਤੇ ਏਜੰਸੀ ਨੇ ਅਗਲੇਰੀ ਜਾਂਚ ਲਈ ਉਸ ਦੇ ਘਰ ਛਾਪਾ ਮਾਰਿਆ ਹੈ। ਇਸ ਦੌਰਾਨ ਖਬਰ ਮਿਲੀ ਹੈ ਕਿ NIA ਨੇ ਅੱਤਵਾਦ ਦੀ ਸਾਜਿਸ਼ ਦੇ ਸਬੰਧ 'ਚ ਪੰਜਾਬ 'ਚ ਕੁੱਲ 4 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।
ਤਕਰੀਬਨ ਡੇਢ ਤੋਂ ਦੋ ਘੰਟਾ ਚੱਲਦੀ ਰਹੀ ਪੁੱਛਗਿੱਛ
ਜਾਣਕਾਰੀ ਅਨੁਸਾਰ NIA ਦੀ ਟੀਮ ਨੇ ਕੁਲਵੰਤ ਅਤੇ ਉਸਦੇ ਪਰਿਵਾਰ ਤੋਂ ਕਰੀਬ ਡੇਢ ਤੋਂ ਦੋ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। NIA ਦੀ ਟੀਮ ਕੁਲਵੰਤ ਸਿੰਘ ਨਾਲ ਜੁੜੀ ਹਰ ਗੱਲ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਸਥਾਨਕ ਥਾਣੇ ਦੀ ਪੁਲਿਸ ਵੀ ਮੌਜੂਦ 'ਤੇ ਸੀ।
ਸਵੇਰੇ 5 ਵਜੇ ਕੁਲਵੰਤ ਸਿੰਘ ਦੇ ਘਰ ਪਹੁੰਚੀ NIA
ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਸਿੰਘ ਪੇਸ਼ੇ ਤੋਂ ਡਰਾਈਵਰ ਹੈ। ਉਹ ਰਾਮਪੁਰਾ ਵਿੱਚ ਇੱਕ ਸੀਮਿੰਟ ਫੈਕਟਰੀ ਵਿੱਚ ਕੰਮ ਕਰਦਾ ਹੈ। NIA ਦੀ ਟੀਮ ਸਵੇਰੇ 5 ਵਜੇ ਕੁਲਵੰਤ ਸਿੰਘ ਦੇ ਘਰ ਪਹੁੰਚੀ। ਇਸ ਤੋਂ ਬਾਅਦ NIA ਟੀਮਾਂ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਐਨਆਈਏ ਅਧਿਕਾਰੀਆਂ ਵੱਲੋਂ ਮੇਰੇ ਘਰ ਛਾਪਾ ਮਾਰਿਆ ਗਿਆ। ਉਹਨਾਂ ਦੱਸਿਆ ਕਿ ਖਾਲਿਸਤਾਨੀ ਪੋਸਟਾਂ ਪਾਉਣ ਬਾਰੇ ਮੇਰੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਮੈਨੂੰ ਭਵਿੱਖ ਵਿੱਚ ਅਜਿਹਾ ਕਰਨ ਤੋਂ ਰੋਕਿਆ ਗਿਆ ਹੈ।
ਸ਼ੋਸ਼ਲ ਮੀਡੀਏ 'ਤੇ ਖਾਲਿਸਤਾਨ ਦੇ ਸਮਰਥਨ 'ਚ ਪੋਸਟਾਂ ਪਾਉਂਦਾ ਰਹਿੰਦਾ ਸੀ
ਦੱਸ ਦਈਏ ਕਿ ਪੰਜਾਬ ਅਤੇ ਹੋਰ ਕਈ ਖੇਤਰਾਂ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਵਿਰੁੱਧ ਕੇਸ ਦਰਜ ਕੀਤੇ ਗਏ ਸਨ। ਜਾਂਚ ਏਜੰਸੀ ਦੇ ਸੂਤਰਾਂ ਅਨੁਸਾਰ ਕਲਵੰਤ ਸਿੰਘ ਵਾਸੀ ਬਿਲਾਸਪੁਰ, ਮੋਗਾ, ਪੰਜਾਬ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲ ਹੀ ਵਿੱਚ ਕੁਝ ਮੁਲਜ਼ਮਾਂ ਦੇ ਦਰਜ ਕੀਤੇ ਬਿਆਨਾਂ ਦੌਰਾਨ ਕੁਲਵੰਤ ਸਿੰਘ ਦਾ ਨਾਂ ਸ਼ੱਕੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਸਾਹਮਣੇ ਆਇਆ ਸੀ।
ਉਲੇਖਯੋਗ ਹੈ ਕਿ ਬੀਤੇ ਦਿਨੀ ਤੜਕਸਾਰ ਮੋਗਾ ਦੇ ਕਸਬਾ ਸਮਾਲਸਰ ਵਿਖੇ ਐਨਆਈਏ ਨੇ ਰੇਡ ਕੀਤੀ ਸੀ। ਦੱਸ ਦਈਏ ਕਿ ਸਮਾਲਸਰ ਦੇ ਰਹਿਣ ਵਾਲੇ ਕਵਿਸ਼ਰ ਮੱਖਣ ਸਿੰਘ ਮੁਸਾਫਰ ਦੇ ਘਰ ਰੇਡ ਚੱਲ ਰਹੀ ਸੀ। ਕਿੰਨਾ ਕਾਰਨਾਂ ਕਰਕੇ ਰੇਡ ਹੋਈ ਹੈ ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।