ਲੁਧਿਆਣਾ:ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸਲੂਨ ਨੂੰ ਲੈ ਕੇ ਇੱਕ ਵੱਡਾ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਸੈਲੂਨ ਮਾਲਕ ਡਾਈ ਵਾਲੇ ਵਾਲ ਧੋਣ ਲਈ ਵਰਤਿਆ ਪਾਣੀ ਸਿੱਧਾ ਸੀਵਰੇਜ ਵਿੱਚ ਸੁੱਟ ਦਿੰਦੇ ਹਨ. ਜਿਸ ਦੇ ਨਾਲ ਪ੍ਰਦੂਸ਼ਣ ਵੱਧਦਾ ਹੈ। ਐਨਾ ਹੀ ਨਹੀਂ ਇਹ ਵੀ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਪਾਇਆ ਜਾਂਦਾ ਹੈ ਤਾਂ ਸੀਵਰੇਜ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ, ਕਿਉਂਕਿ ਬਿਨਾਂ ਟਰੀਟਮੈਂਟ ਤੋਂ ਕੈਮੀਕਲ ਵਾਲੇ ਪਾਣੀ ਸੀਵਰੇਜ ਵਿੱਚ ਪਾਉਣ ਨਾਲ ਲਗਾਤਾਰ ਪ੍ਰਦੂਸ਼ਣ ਵੱਧ ਰਿਹਾ ਹੈ। ਜਿਸ ਫਰਮਾਨ ਤੋਂ ਬਾਅਦ ਸੈਲੂਨ ਮਾਲਕਾਂ ਦੇ ਚਹਿਰਿਆਂ ਦੇ ਰੰਗ ਉਡੇ ਹੋਏ ਨਜ਼ਰ ਆ ਰਹੇ ਹਨ ਉਹਨਾਂ ਨੂੰ ਆਪਣੇ ਕਾਰੋਬਾਰ ਦੀ ਚਿੰਤਾ ਸਤਾ ਰਹੀ ਹੈ ।
ਗ੍ਰਾਹਕਾਂ ਨੂੰ ਇਨਫੈਕਸ਼ਨ ਹੋਣ ਦਾ ਖ਼ਤਰਾ:ਇਸ ਨੂੰ ਲੈ ਕੇ ਬੋਲਦੇ ਹੋਏ ਸੈਲੂਨ ਮਾਲਕ ਪੰਕਜ ਨੇ ਦੱਸਿਆ ਕਿ ਜਰੂਰ ਉਹਨਾਂ ਕੋਲ ਦਿਨ ਦੇ ਵਿੱਚ ਤਿੰਨ ਤੋਂ ਚਾਰ ਗ੍ਰਾਹਕ ਅਜਿਹੇ ਆਉਂਦੇ ਹਨ ਜੋ ਆਪਣੇ ਸਿਰ ਦੇ ਵਾਲ ਜਾਂ ਫਿਰ ਦਾੜੀ ਧਵਾਉਂਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਡਾਈ ਲਗਵਾਉਣ ਤੋਂ ਬਾਅਦ ਉਹ ਘਰ ਨੂੰ ਜਾਣਗੇ ਤਾਂ ਉਹਨਾਂ ਨੂੰ ਇਨਫੈਕਸ਼ਨ ਹੋ ਸਕਦੀ ਹੈ ਕਿਉਂਕਿ ਕਈ ਵਾਰ ਗ੍ਰਾਹਕ ਦਾ ਘਰ ਕਾਫੀ ਦੂਰ ਹੁੰਦਾ ਹੈ। ਇਸ ਕਾਰਨ ਉਹ ਮਜ਼ਬੂਰ ਹਨ ਕਿ ਗ੍ਰਾਹਕ ਦਾ ਸਿਰ ਉਹਨਾਂ ਨੂੰ ਹੀ ਧੋਣਾ ਪੈਂਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਵਿੱਚ ਤਿੰਨ-ਚਾਰ ਹਜ਼ਾਰ ਜਿਆਦਾ ਸੈਲੂਨ ਹੋਣਗੇ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਕਿੱਤੇ ਨਾਲ ਜੁੜੇ ਹੋਏ ਹਨ।