ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਆਪਣੇ ਸਾਬਕਾ ਨਿੱਜੀ ਸਹਾਇਕ ਅਤੇ ਅਮਰੀਕਾ ਸਥਿਤ ਐੱਨ.ਆਰ.ਆਈ 'ਤੇ 2 ਕਰੋੜ ਰੁਪਏ ਦੀ ਧੋਖਾਧੜੀ ਦੇ ਗੰਭੀਰ ਇਲਜ਼ਾਮ ਲਾਏ ਹਨ। ਇਸ ਸਬੰਧੀ ਉਨ੍ਹਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਰਜਿਸਟਰੀ ਨੂੰ ਲੈਕੇ ਦੋ ਕਰੋੜ ਦੀ ਧੋਖਾਧੜੀ
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਰਣਜੀਤ ਐਵੀਨਿਊ ਸਥਿਤ ਐੱਸਸੀਓ ਨੰਬਰ 10 ਦੀ ਰਜਿਸਟਰੀ ਨਾਲ ਸਬੰਧਤ ਦੱਸਿਆ ਜਾਂਦਾ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਪੌਸ਼ ਰਣਜੀਤ ਐਵੀਨਿਊ ਇਲਾਕੇ ਵਿੱਚ ਐਸਸੀਓ ਦੀ ਰਜਿਸਟ੍ਰੇਸ਼ਨ ਦੇ ਨਾਂ ’ਤੇ ਉਨ੍ਹਾਂ ਕੋਲੋਂ 2 ਕਰੋੜ ਰੁਪਏ ਤੋਂ ਵੱਧ ਦੀ ਵਸੂਲੀ ਕੀਤੀ ਗਈ। ਜਿਸ ਦੀ ਆਰਥਿਕ ਅਪਰਾਧ (ਈਓ) ਵਿੰਗ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਸਿੱਧੂ ਦਾ ਪੀਏ, NRI ਤੇ ਕੁਝ ਹੋਰ ਲੋਕ ਸ਼ਾਮਲ
ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਲਾਇਆ ਹੈ ਕਿ ਅਮਰੀਕਾ ਰਹਿੰਦੇ ਐਨਆਰਆਈ ਅੰਗਦਪਾਲ ਸਿੰਘ ਨੇ ਮੰਗਲ ਸਿੰਘ ਅਤੇ ਸੁਖਵਿੰਦਰ ਸਿੰਘ ਨਾਲ ਮਿਲ ਕੇ ਧੋਖਾਧੜੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਸਾਬਕਾ ਨਿੱਜੀ ਸਹਾਇਕ ਗੌਰਵ ਅਤੇ ਉਸ ਦੇ ਸਾਥੀ ਜਗਜੀਤ ਸਿੰਘ ਨੇ ਵੀ ਇਸ ਧੋਖਾਧੜੀ ਵਿੱਚ ਭੂਮਿਕਾ ਨਿਭਾਈ ਹੈ।
ਪੁਲਿਸ ਨੂੰ ਸਿੱਧੂ ਨੇ ਦਿੱਤੀ ਸ਼ਿਕਾਇਤ
ਨਵਜੋਤ ਕੌਰ ਸਿੱਧੂ ਮੁਤਾਬਿਕ ਅੰਗਦਪਾਲ ਨੇ ਉਨ੍ਹਾਂ ਨੂੰ ਵਾਰ-ਵਾਰ ਕਿਹਾ ਕਿ ਤੁਹਾਡੀ ਰਜਿਸਟ੍ਰੇਸ਼ਨ ਜਲਦੀ ਹੋ ਜਾਵੇਗੀ। ਡਾਕਟਰ ਨਵਜੋਤ ਕੌਰ ਸਿੱਧੂ ਦਾ ਇਲਜ਼ਾਮ ਹੈ ਕਿ ਇਸ ਸਬੰਧ ਵਿੱਚ ਅੰਗਦਪਾਲ ਦੇ ਖਾਤੇ ਵਿੱਚ ਡੇਢ ਕਰੋੜ ਰੁਪਏ ਟਰਾਂਸਫਰ ਕੀਤੇ ਗਏ ਸਨ ਅਤੇ ਇੱਕ ਚੈੱਕ ਵੀ ਆਪਣੇ ਪੀਏ ਨੂੰ ਦਿੱਤਾ ਸੀ ਤਾਂ ਜੋ ਇਸ ਨੂੰ ਕੈਸ਼ ਕੀਤਾ ਜਾ ਸਕੇ ਅਤੇ ਐਨਆਰਆਈ ਨਾਲ ਸਬੰਧਤ ਵਿਅਕਤੀ ਨੂੰ ਇਹ ਰਕਮ ਦਿੱਤੀ ਜਾ ਸਕੇ। ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਹਾਲੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਸ਼ਿਕਾਇਤ ਆਰਥਿਕ ਅਪਰਾਧ ਸ਼ਾਖਾ ਨੂੰ ਭੇਜ ਦਿੱਤੀ ਹੈ, ਜੋ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।