ਇੱਕ ਪੁਲਿਸ ਵਾਲੇ ਨੇ ਹੀ ਹਮਲਾ (Etv Bharat Pathankot) ਪਠਾਟਕੋਟ:ਬੀਤੀ ਰਾਤ ਪਠਾਨਕੋਟ ਦੇ ਥਾਣਾ ਨਰੋਟ ਜੈਮਲ ਸਿੰਘ ਵਿਖੇ ਕੋਹਲੀਆ ਨਾਕੇ 'ਤੇ ਐਸ.ਐਚ.ਓ ਨੇ ਆਪਣੇ ਹੀ ਏ.ਐਸ.ਆਈ. 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਏ.ਐਸ.ਆਈ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਪੁਲਿਸ ਉੱਚ ਅਧਿਕਾਰੀਆਂ ਵੱਲੋਂ ਐਸ.ਐਚ.ਓ ਅਤੇ 2 ਮੁਲਾਜਮਾਂ ਨੂੰ ਸਸਪੈਂਡ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਏ.ਐਸ.ਆਈ. ਨਾਲ ਕੁੱਟਮਾਰ ਕੀਤੀ: ਪੰਜਾਬ ਪੁਲਿਸ ਜਿਸ ਦੇ ਅਧਿਕਾਰੀਆਂ ਦਾ ਕੰਮ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਹੈ। ਜੇਕਰ ਮੁਲਾਜ਼ਮਾਂ ਵੱਲੋਂ ਕੋਈ ਵੀ ਗਲਤੀ ਹੁੰਦੀ ਹੈ ਤਾਂ ਉਨਾਂ ਨੂੰ ਸਮਝਾਉਣਾ ਜਾਂ ਫਿਰ ਉਨ੍ਹਾਂ 'ਤੇ ਡਿਪਾਰਟਮੈਂਟ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ। ਪਰ ਜਦੋਂ ਅਧਿਆਰੀ ਆਪਣੇ ਹੀ ਮੁਲਾਜ਼ਮ 'ਤੇ ਹਮਲਾ ਕਰ ਦੇਣ ਤਾਂ ਆਮ ਬੰਦਾ ਕਿੱਥੇ ਸੁਰਖਿਅਤ ਹੈ। ਇਹ ਸਾਰਾ ਮਾਮਲਾ ਨਰੋਟ ਥਾਣੇ ਹੇਠ ਆਉਂਦੇ ਕੋਹਲੀਆਂ ਨਾਕੇ ਦਾ ਹੈ। ਜਿੱਥੇ ਥਾਣਾ ਨਰੋਟ ਦੇ ਐਸ.ਐਚ.ਓ. ਵੱਲੋਂ ਆਪਣੇ ਹੇਠ ਕੰਮ ਕਰ ਰਹੇ ਇੱਕ ਏ.ਐਸ.ਆਈ. ਨਾਲ ਕੁੱਟਮਾਰ ਕੀਤੀ ਗਈ ਹੈ। ਜਿਸ ਨੂੰ ਜਖ਼ਮੀ ਹਾਲਤ 'ਚ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜਿਸ ਦਾ ਇਲਾਜ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਏ.ਐਸ. ਆਈ. ਨਾਲ ਐਸ.ਐਚ.ਓ. ਵੱਲੋਂ ਕੀਤੀ ਗਈ ਕੁੱਟਮਾਰ ਨੂੰ ਉੱਚ ਅਧਿਕਾਰੀਆਂ ਨੇ ਵੀ ਗਲਤ ਦੱਸਿਆ ਹੈ। ਜਿਸ ਕਾਰਨ ਐਸ.ਐਚ.ਓ. ਅਤੇ ਉਸ ਦੇ ਦੋ ਗੰਨਮੈਨ ਸਸਪੈਂਡ ਕਰ ਦਿੱਤੇ ਗਏ ਹਨ ਅਤੇ ਵਿਭਾਗ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਜਿਸ ਏ.ਐਸ.ਆਈ. ਨੂੰ ਐਸ.ਐਚ.ਓ. ਨੇ ਕੁੱਟਿਆ ਹੈ ਕਿਉਂਕਿ ਉਹ ਡਿਊਟੀ ਦੌਰਾਨ ਸੁੱਤਾ ਹੋਇਆ ਸੀ। ਜਿਸ ਨੂੰ ਸੁੱਤਾ ਵੇਖ ਕੇ ਐਸ.ਐਚ.ਓ. ਸਾਹਿਬ ਆਪਣਾ ਆਪਾ ਖੋ ਬੈਠੇ ਅਤੇ ਉਨ੍ਹਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।
ਕੋਹਲੀਆਂ ਨਾਕੇ 'ਤੇ ਡਿਊਟੀ :ਇਸ ਸਬੰਧੀ ਜਦੋਂ ਪੀੜਿਤ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਰਾਤ ਸਮੇਂ ਉਹ ਕੋਹਲੀਆਂ ਨਾਕੇ 'ਤੇ ਡਿਊਟੀ ਦੇ ਰਿਹਾ ਸੀ ਅਤੇ ਉੱਥੇ ਤੈਨਾਤ ਮੁਲਾਜ਼ਮ ਇੱਕ ਦੂਜੇ ਨੂੰ ਰੈਸਟ ਦੇਣ ਲਈ ਕੁਝ ਸਮੇਂ ਬਾਅਦ ਇੱਕ-ਇੱਕ ਘੰਟੇ ਦੀ ਰੈਸਟ ਕਰਦੇ ਹਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਕਰੀਬ 2 ਵਜੇ ਨਰੋਟ ਜੈਮਲ ਸਿੰਘ ਦੇ ਐਸ.ਐਚ.ਓ. ਨੇ ਨਾਕੇ 'ਤੇ ਆ ਕੇ ਬਿਨ੍ਹਾਂ ਕੁਝ ਦੱਸੇ, ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਜਖ਼ਮੀ ਕਰ ਦਿੱਤਾ। ਜਿਸ ਦੇ ਬਾਅਦ ਉਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਪੀੜਿਤ ਦੀ ਪਤਨੀ ਨੇ ਇਨਸਾਫ ਦੀ ਗੁਹਾਰ ਲਗਾਈ ਹੈ।
2 ਮੁਲਾਜ਼ਮ ਸਸਪੈਂਡ: ਦੂਜੇ ਪਾਸੇ ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਐਸ.ਐਚ.ਓ. ਅਤੇ 2 ਮੁਲਾਜ਼ਮਾਂ ਨੂੰ ਸਸਪੈਂਡ ਕਰਨ ਲਈ ਕਿਹਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਵੀ ਮੰਨਿਆ ਕਿ ਕੁੱਟਣਾ ਸਹੀ ਨਹੀਂ ਸੀ, ਸਗੋਂ ਐਸ.ਐਚ.ਓ. ਨੂੰ ਏ.ਐਸ.ਆਈ. 'ਤੇ ਕਾਰਵਾਈ ਕਰਨੀ ਚਾਹੀਦੀ ਸੀ।