ਬਲਕੌਰ ਸਿੰਘ, ਮੂਸੇਵਾਲਾ ਦੇ ਪਿਤਾ (etv bharat punjab (ਰਿਪੋਟਰ ਮਾਨਸਾ)) ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਮਾਸਟਰ ਮਾਇੰਡ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਦੇ ਵਿੱਚ ਹੁਣ ਪੰਜਾਬ ਹਰਿਆਣਾ ਹਾਈਕੋਰਟ ਦੀ ਜਾਂਚ ਕਮੇਟੀ ਵੱਲੋਂ ਸਾਬਿਤ ਕਰ ਦਿੱਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਹੈ। ਜਿਸ ਤੋਂ ਬਾਅਦ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਇੰਟਰਵਿਊ ਮਾਮਲੇ ਉੱਤੇ ਹੁਣ ਵੱਡਾ ਬਿਆਨ ਸਾਹਮਣੇ ਆਇਆ ਹੈ ਅਤੇ ਉਹਨਾਂ ਕਿਹਾ ਹੈ ਕਿ ਆਖਿਰਕਾਰ ਸੱਚ ਸਾਹਮਣੇ ਆ ਗਿਆ ਹੈ।
ਸਿੱਟ ਨੇ ਸੱਚ ਲਿਆਂਦਾ ਸਾਹਮਣੇ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਹਾਈਕੋਰਟ ਦਾ ਧੰਨਵਾਦ ਕਰਦੇ ਹਨ ਅਤੇ ਪਰਮਾਤਮਾ ਦੇ ਵੀ ਸ਼ੁਕਰ ਗੁਜ਼ਾਰ ਹਨ ਕਿ ਆਖਿਰਕਾਰ ਸੱਚ ਸਾਹਮਣੇ ਆ ਹੀ ਗਿਆ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੇ ਡੀਜੀਪੀ ਲਗਾਤਾਰ ਕਹਿ ਰਹੇ ਸਨ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਨਹੀਂ ਹੋਈ ਤਾਂ ਹੁਣ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਬਣਾਈ ਗਈ ਸਿੱਟ ਵੱਲੋਂ ਸਾਬਿਤ ਕਰ ਦਿੱਤਾ ਗਿਆ ਹੈ ਕਿ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਦੀ ਜੇਲ੍ਹ ਵਿੱਚ ਹੋਈ ਹੈ।
ਬਿਸ਼ਨੋਈ ਸਰਕਾਰਾਂ ਦਾ ਪਾਲਿਆ ਗੈਂਗਸਟਰ:ਮੂਸੇਵਾਲ ਦੇ ਪਿਤਾ ਨੇ ਕਿਹਾ ਕਿ ਜੋ ਵੱਡੇ ਅਧਿਕਾਰੀ ਪੰਜਾਬ ਸਰਕਾਰ ਦਾ ਪੱਖ ਪੂਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਤਾਂ ਹੁਣ ਉਹ ਇਸ ਮਾਮਲੇ ਉੱਤੇ ਕੀ ਮੂੰਹ ਦਿਖਾਉਣਗੇ। ਉਹਨਾਂ ਕਿਹਾ ਕਿ ਡੀਜੀਪੀ ਦਾ ਵੱਡਾ ਝੂਠ ਵੀ ਸਾਹਮਣੇ ਆ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਸਰਕਾਰਾਂ ਦਾ ਪਾਲਿਆ ਹੋਇਆ ਗੈਂਗਸਟਰ ਹੈ, ਜਿਸ ਦੀਆਂ ਸਰਕਾਰਾਂ ਮਦਦ ਕਰਦੀਆਂ ਹਨ।
ਇਸ ਦੌਰਾਨ ਬਲਕੌਰ ਸਿੰਘ ਨੇ ਅੱਗੇ ਆਖਿਆ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਯੂਟਿਊਬ ਤੋਂ ਡਿਲੀਟ ਕਰਵਾਉਣ ਦੇ ਲਈ ਵੀ ਉਹਨਾਂ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਦਾ ਸਹਿਯੋਗ ਲੈਣਾ ਪਿਆ ਸੀ। ਉਹਨਾਂ ਆਖਿਆ ਕਿ ਮੇਰੇ ਪੁੱਤਰ ਦੇ ਗੀਤ ਵਿੱਚ ਕੋਈ ਲਾਈਨ ਆਈ ਤਾਂ ਉਸ ਨੂੰ ਯੂਟੀਊਬ ਤੋਂ ਤੁਰੰਤ ਡਿਲੀਟ ਕੀਤਾ ਗਿਆ, ਪਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਡਿਲੀਟ ਨਹੀਂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਦੀ ਮਦਦ ਦੇ ਨਾਲ ਉਸ ਨੂੰ ਯੂਟੀਊਬ ਤੋਂ ਡਿਲੀਟ ਕਰਵਾਇਆ ਹੈ।