ਲੁਧਿਆਣਾ:ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਵਰਕਰਾਂ ਦੇ ਨਾਲ ਧੰਨਵਾਦ ਪ੍ਰੋਗਰਾਮ ਕਰ ਰਹੇ ਹਨ। ਇਸੇ ਦੇ ਤਹਿਤ ਹਲਕਾ ਨੌਰਥ ਦੇ ਵਰਕਰਾਂ ਅਤੇ ਲੀਡਰਾਂ ਦੇ ਨਾਲ ਮਿਲਣੀ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਵਨੀਤ ਬਿੱਟੂ 'ਤੇ ਵੱਡਾ ਹਮਲਾ ਕੀਤਾ ਹੈ।
ਰਵਨੀਤ ਬਿੱਟੂ 'ਤੇ ਸਾਧਿਆ ਨਿਸ਼ਾਨਾ:ਇਸ ਮੌਕੇ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਉਹ ਧੰਨਵਾਦੀ ਪ੍ਰੋਗਰਾਮ ਤਹਿਤ ਵਰਕਰਾਂ ਦੇ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਪਾਰਟੀ ਦੀ ਮਜਬੂਤੀ ਲਈ ਉਹਨਾਂ ਨੂੰ ਲਾਮਬੰਦ ਕਰ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਰਵਨੀਤ ਬਿੱਟੂ ਵੱਲੋਂ ਬੰਦੀ ਸਿੰਘਾਂ ਦੇ ਮੁੱਦੇ 'ਤੇ ਮੁਆਫੀ ਦੀ ਗੱਲ ਵਾਲੇ ਬਿਆਨ 'ਤੇ ਬੋਲਦੇ ਹੋਏ ਕਿਹਾ ਕਿ ਰਵਨੀਤ ਬਿੱਟੂ ਜਿਸ ਸਮੇਂ ਕਾਂਗਰਸ 'ਚ ਸਨ ਤਾਂ ਉਸ ਸਮੇਂ ਵੀ ਰਾਹੁਲ ਗਾਂਧੀ ਨੇ ਬਿੱਟੂ ਨੂੰ ਇਹਨਾਂ ਬੰਦੀ ਸਿੰਘਾਂ ਨੂੰ ਮੁਆਫੀ ਦੇਣ ਦੀ ਗੱਲ ਕਹੀ ਸੀ। ਵੜਿੰਗ ਨੇ ਕਿਹਾ ਕਿ ਜਿਸ ਤੋਂ ਰਵਨੀਤ ਬਿੱਟੂ ਨੇ ਕਿਨਾਰਾ ਕੀਤਾ ਸੀ ਅਤੇ ਹੁਣ ਉਹ ਬੀਜੇਪੀ ਵਿੱਚ ਜਾਣ ਤੋਂ ਬਾਅਦ ਦੋਗਲਾਪਨ ਦਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਕੀ ਰਵਨੀਤ ਬਿੱਟੂ ਦਿਮਾਗ ਤੋਂ ਪੈਦਲ ਹਨ।