ਪੰਜਾਬ

punjab

ETV Bharat / state

ਸੰਸਦ ਮੈਂਬਰ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਦਾ ਬਿਆਨ,ਕਿਹਾ-ਸ਼੍ਰੋਮਣੀ ਅਕਾਲੀ ਦਲ ਤੋਂ ਉੱਠਿਆ ਲੋਕਾਂ ਦਾ ਵਿਸ਼ਵਾਸ, ਪੰਜਾਬ ਨੂੰ ਨਵੀਂ ਪੰਥਕ ਪਾਰਟੀ ਦੀ ਲੋੜ - PUNJAB NEED NEW POLITICAL PARTY

ਸੰਸਦ ਮੈਂਬਰ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਮਾਘੀ ਮੌਕੇ ਨਵੀਂ ਪੰਥਕ ਪਾਰਟੀ ਐਲਾਨੇ ਜਾਣ ਸਬੰਧੀ ਮੁੜ ਚਰਚਾ ਕੀਤੀ ਹੈ।

PUNJAB NEEDS NEW POLITICAL PARTY
ਸੰਸਦ ਮੈਂਬਰ ਅੰਮ੍ਰਿਤਪਾਲ ਪਿਤਾ ਤਰਸੇਮ ਸਿੰਘ ਦਾ ਬਿਆਨ (ETV BHARAT (ਪੱਤਰਕਾਰ,ਅੰਮ੍ਰਿਤਸਰ))

By ETV Bharat Punjabi Team

Published : Jan 6, 2025, 9:27 PM IST

ਅੰਮ੍ਰਿਤਸਰ:ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ 14 ਤਰੀਕ ਨੂੰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉੱਤੇ ਮਾਘੀ ਦੇ ਮੇਲੇ ਮੌਕੇ ਇੱਕ ਵਿਸ਼ਾਲ ਪੰਥਕ ਇਕੱਤਰਤਾ ਕੀਤੀ ਜਾ ਰਹੀ ਹੈ, ਜਿਸ ਵਿੱਚ ਪੰਜਾਬ ਲਈ ਨਵੀਂ ਪਾਰਟੀ ਬਣਾਉਣ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ, ਜੋ ਕਿ ਪੂਰੇ ਪੰਜਾਬ ਵਿੱਚ ਜਥੇਬੰਧਕ ਢਾਂਚਾ ਬਣਾਵੇਗੀ।

'ਸ਼੍ਰੋਮਣੀ ਅਕਾਲੀ ਦਲ ਤੋਂ ਉੱਠਿਆ ਲੋਕਾਂ ਦਾ ਵਿਸ਼ਵਾਸ' (ETV BHARAT (ਪੱਤਰਕਾਰ,ਅੰਮ੍ਰਿਤਸਰ))

'ਨਵੀਂ ਪੰਥਕ ਪਾਰਟੀ ਬਣਾਉਣ ਦੀ ਪਈ ਲੋੜ'

ਤਰਸੇਮ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਮਾਘੀ ਮੌਕੇ ਪੰਥਕ ਇਕੱਤਰਤਾ ਵਿੱਚ ਸ਼ਾਮਿਲ ਹੋਣ ਤਾਂ ਜੋ ਪੰਜਾਬ ਦੇ ਲੋਕਾਂ ਲਈ ਬਣਾਈ ਜਾ ਰਹੀ ਇਸ ਨਵੀਂ ਪਾਰਟੀ ਲਈ ਅਹਿਮ ਕਦਮ ਚੁੱਕੇ ਜਾ ਸਕਣ, ਉਹਨਾਂ ਕਿਹਾ ਕਿ ਪੰਜਾਬ ਦੀਆਂ ਜਿੰਨੀਆਂ ਵੀ ਪਾਰਟੀਆਂ ਸਨ ਸਾਰੀਆਂ ਹੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਚੁੱਕੀਆਂ ਹਨ ਜੋ ਕਿ ਪੰਜਾਬ ਦੇ ਲੋਕਾਂ ਲਈ ਕੰਮ ਨਹੀਂ ਕਰ ਰਹੀਆਂ, ਜਿਸ ਦੇ ਚਲਦੇ ਮਜਬੂਰਨ ਇਹ ਨਵੀਂ ਪਾਰਟੀ ਦਾ ਐਲਾਨ ਕੀਤਾ ਜਾ ਰਿਹਾ ਹੈ।



'ਸ਼੍ਰੋਮਣੀ ਅਕਾਲੀ ਦਲ ਤੋਂ ਉੱਠਿਆ ਵਿਸ਼ਵਾਸ'

ਤਰਸੇਮ ਸਿੰਘ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੰਥਕ ਪਾਰਟੀ ਸੀ ਪਰ ਪਿਛਲੇ ਕਈ ਦਹਾਕਿਆਂ ਤੋਂ ਨਿੱਜੀ ਸੁਆਰਥਾਂ ਦੇ ਚਲਦੇ ਅਕਾਲੀ ਦਲ ਦੇ ਲੀਡਰਾਂ ਨੇ ਬਹੁਤ ਸਾਰੇ ਅਜਿਹੇ ਕੰਮ ਕੀਤੇ ਜਿਸ ਕਾਰਣ ਲੋਕਾਂ ਦਾ ਪਾਰਟੀ ਤੋਂ ਵਿਸ਼ਵਾਸ ਉੱਠਿਆ ਅਤੇ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਲੋਕ ਅੰਮ੍ਰਿਤਪਾਲ ਵੱਲ ਵੇਖ ਰਹੇ ਹਨ। ਇਸ ਲਈ ਉਹ ਮਾਘੀ ਮੌਕੇ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਹਨ।

ਸੁਖਬੀਰ ਬਾਦਲ ਦਾ ਵਾਰ

14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋ ਰਹੀ ਮਾਘੀ ਜੋੜ ਮੇਲਾ ਕਾਨਫਰੰਸ ਦੀ ਤਿਆਰੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਮਾਘੀ ਮੇਲੇ ਉੱਤੇ ਨਵੀਂ ਪਾਰਟੀ ਬਣਾਉਣ ਜਾ ਰਹੇ ਜੇਲ੍ਹ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਉੱਤੇ ਬਗੈਰ ਨਾਮ ਲਏ ਅਸਿੱਧੇ ਤੌਰ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਸੁਖਬੀਰ ਬਾਦਲ ਨੇ ਆਖਿਆ ਕਿ ਉਨ੍ਹਾਂ ਦੇ ਮਰਹੂਮ ਪਿਤਾ ਸਮੇਤ ਅਣਗਿਣਤ ਅਕਾਲੀਆਂ ਨੇ ਕੁਰਬਾਨੀਆਂ ਦੇਕੇ ਸ਼੍ਰੋਮਣੀ ਅਕਾਲੀ ਦਲ ਵਰਗੀ ਮਜ਼ਬੂਤ ਪੰਥਕ ਪਾਰਟੀ ਖੜ੍ਹੀ ਕੀਤੀ ਹੈ ਅਤੇ ਅੱਜ ਕੁੱਝ ਦਿਨ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਆਏ ਲੋਕ ਨਵੀਂ ਪੰਥਕ ਪਾਰਟੀ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਵਿਰੋਧੀ ਤਾਕਤਾਂ ਦੇ ਇਸ਼ਾਰੇ ਉੱਤੇ ਕੰਮ ਕਰ ਰਹੇ ਹਨ।


ABOUT THE AUTHOR

...view details