ਚੰਡੀਗੜ੍ਹ: ਲੁਧਿਆਣਾ ਵਿੱਚ ਫੈਕਟਰੀ ਮਾਲਕ ਨੇ ਇੱਕ ਔਰਤ, ਉਸ ਦੀਆਂ ਤਿੰਨ ਧੀਆਂ ਅਤੇ ਇੱਕ ਨੌਜਵਾਨ ਦਾ ਮੂੰਹ ਕਾਲਾ ਕਰ ਉਹਨਾਂ ਨੂੰ ਗਲੀਆਂ ਵਿੱਚ ਘੁੰਮਾਇਆ ਅਤੇ ਉਹਨਾਂ ਦੇ ਗਲੇ ਵਿੱਚ 'ਮੈਂ ਚੋਰ ਹਾਂ, ਮੈਂ ਆਪਣਾ ਜੁਰਮ ਕਬੂਲ ਕਰ ਰਿਹਾ ਹਾਂ' ਦੀਆਂ ਤਖ਼ਤੀਆਂ ਪਾਈਆਂ, ਜਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਐਕਸ਼ਨ ਲਿਆ ਉਥੇ ਹੀ ਹੁਣ ਮਾਮਲੇ ਸਬੰਧੀ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ।
ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਜੋ ਵੀਡੀਓ ਸਾਹਮਣੇ ਆਈ ਹੈ ਉਹ ਸ਼ਰਮਨਾਕ ਹੈ। ਇੱਕ ਵਿਅਕਤੀ ਨੇ ਸਬੂਤ ਵਜੋਂ ਵੀਡੀਓ ਬਣਾਈ, ਠੀਕ ਹੈ ਪਰ ਵੀਡੀਓ ਵਿੱਚ ਕੁਝ ਮੁੰਡੇ ਹੱਸ ਰਹੇ ਹਨ, ਪਰ ਪਰਿਵਾਰ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ ਹੈ। ਕੋਈ ਵੀ ਜਿੰਮੇਵਾਰ ਸ਼ਹਿਰ ਵਾਸੀ ਪੁਲਿਸ ਨੂੰ ਸੂਚਿਤ ਕਰ ਸਕਦਾ ਸੀ ਤਾਂ ਕਿ ਪੁਲਿਸ ਸਮੇਂ ਸਿਰ ਮੌਕੇ ਉੱਤੇ ਪਹੁੰਚ ਜਾਂਦੀ। ਪਰ ਜਦੋਂ ਤੱਕ ਪੁਲਿਸ ਨੂੰ ਇਸ ਦਾ ਪਤਾ ਲੱਗਾ ਉਦੋਂ ਤੱਕ ਫੈਕਟਰੀ ਮਾਲਕ ਔਰਤਾਂ ਅਤੇ ਲੜਕੀਆਂ ਨੂੰ ਗਲੀਆਂ ਵਿੱਚ ਲੈ ਗਿਆ ਸੀ। ਇਸ ਮਾਮਲੇ ਵਿੱਚ ਫੈਕਟਰੀ ਮਾਲਕ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜਦੋਂ ਤਕ ਮਾਮਲਾ ਹੱਲ ਨਹੀਂ ਹੁੰਦਾ ਉਦੋਂ ਤਕ ਫੈਕਟਰੀ ਵੀ ਬੰਦ ਕੀਤੀ ਜਾਵੇਗੀ।