ਮੋਗਾ:ਪੰਜਾਬੀਆਂ ਲਈ ਸ਼ੌਂਕ ਦਾ ਕੋਈ ਮੁੱਲ ਨਹੀਂ ਹੈ। ਫਿਰ ਚਾਹੇ ਵਿਦੇਸ਼ ਦੀ ਧਰਤੀ ਹੋਵੇ ਜਾਂ ਪੰਜਾਬ, ਪੰਜਾਬੀ ਆਪਣਾ ਸ਼ੌਂਕ ਪੂਰਾ ਕਰਨ ਉੱਤੇ ਆ ਜਾਣ, ਤਾਂ ਉਹ ਕੁਝ ਵੀ ਕਰ ਸਕਦੇ ਹਨ। ਪਿਤਾ ਵਲੋਂ ਕੈਨੇਡਾ ਸੈੱਟ ਆਪਣੇ ਪੁੱਤਰ ਦਾ ਸ਼ੌਂਕ ਪੂਰਾ ਕੀਤਾ ਜਾ ਰਿਹਾ। ਇਹ ਸ਼ੌਂਕ ਹੈ ਪੁੱਤ ਨੂੰ ਟਰੈਕਟਰ ਤੇ ਬੁਲਟ ਦਾ। ਪਿੰਡ ਰੌਲੀ ਰਹਿਣ ਵਾਲੇ ਜੁਗਰਾਜ ਸਿੰਘ ਨੰਬਰਦਾਰ ਨੇ ਆਪਣੇ ਪੁੱਤ ਤੇ ਪੋਤੇ ਲਈ ਫੋਰਡ ਟਰੈਕਟਰ ਅਤੇ ਬੁਲਟ ਮੋਟਰਸਾਈਕਲ ਮੌਡੀਫਾਈਡ ਨਵਾਂ ਮਾਡਲ (3620) ਤਿਆਰ ਕਰਾ ਕੇ ਕੈਨੇਡਾ ਭੇਜਣ ਦੀ ਤਿਆਰੀ ਕਰ ਲਈ ਹੈ। ਨੰਬਰਦਾਰ ਜੁਗਰਾਜ ਸਿੰਘ ਨੇ ਕਿਹਾ ਕਿ ਇਸ ਨਾਲ ਜਿੱਥੇ ਬੱਚਿਆ ਦਾ ਸ਼ੌਂਕ ਪੂਰਾ ਹੋਵੇਗਾ, ਉੱਥੇ ਹੀ ਉਹ ਪੰਜਾਬ ਅਤੇ ਆਪਣੇ ਵਿਰਸੇ ਨਾਲ ਜੁੜੇ ਰਹਿਣਗੇ।
ਵਿਦੇਸ਼ ਬੈਠੇ ਨੌਜਵਾਨ ਦਾ ਮੋਹ: ਪਿੰਡ ਵਾਸੀਆਂ ਨੇ ਕਿਹਾ ਕਿ ਬੇਸ਼ੱਕ ਅੱਜ ਸਾਡੀ ਨੌਜਵਾਨ ਪੀੜੀ ਬੇਰੁਜ਼ਗਾਰ ਹੋਣ ਦੇ ਬਾਵਜੂਦ ਕੈਨੇਡਾ ਦਾ ਰੁਖ਼ ਕਰ ਰਹੀ ਹੈ। ਪਰ, ਉੱਥੇ ਬੈਠੇ ਕਈ ਪੰਜਾਬੀ ਨੌਜਵਾਨ ਅੱਜ ਵੀ ਪੰਜਾਬ ਦੇ ਪਿੰਡਾਂ ਦੀ ਮਿੱਟੀ ਅਤੇ ਆਪਣੇ ਪੁਰਾਤਨ ਵਿਰਸੇ ਤੇ ਖੇਤੀ ਦੇ ਨਾਲ ਜੁੜੇ ਹੋਏ ਹਨ। ਬੇਸ਼ੱਕ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਹਨ, ਪਰ ਉਹ ਆਪਣੇ ਪਰਿਵਾਰਾਂ ਨਾਲ ਸਾਂਝ ਰੱਖਦੇ ਹੋਏ ਆਪਣੇ ਖੇਤੀ ਸੰਦਾਂ ਪ੍ਰਤੀ ਮੋਹ ਦੀਆਂ ਗੰਡਾਂ ਨੂੰ ਮਜਬੂਤ ਕਰਦੇ ਹੋਏ ਹਮੇਸ਼ਾ ਹੀ ਇਹ ਕਹਿੰਦੇ ਨਜ਼ਰ ਆਉਂਦੇ ਹਨ ਕਿ ਜੇਕਰ ਅਸੀਂ ਪੰਜਾਬ ਹੁੰਦੇ, ਤਾਂ ਆਪਣੇ ਟਰੈਕਟਰ ਬੜੇ ਚਾਹ ਨਾਲ ਤਿਆਰ ਕਰਵਾ ਕੇ ਖੇਤੀ ਕਰਦੇ। ਉਨ੍ਹਾਂ ਕਿਹਾ ਕਿ ਜੁਗਰਾਜ ਸਿੰਘ ਦਾ ਪਰਿਵਾਰ ਸ਼ੁਰੂ ਤੋਂ ਹੀ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ।