MLA ਗੁਰਪ੍ਰੀਤ ਗੋਗੀ ਦੀ ਕਾਰੋਬਾਰੀਆਂ ਨੂੰ ਚਿਤਾਵਨੀ (Etv Bharat (ਲੁਧਿਆਣਾ, ਪੱਤਰਕਾਰ)) ਲੁਧਿਆਣਾ: ਲੁਧਿਆਣੇ ਦਾ ਬੁੱਢਾ ਦਰਿਆ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ, ਸਮਾਜ ਸੇਵੀ ਸੰਸਥਾਵਾਂ ਨੇ ਵੱਡਾ ਐਲਾਨ ਕੀਤਾ ਹੈ। ਬੀਤੇ ਦਿਨ ਲੁਧਿਆਣਾ ਵਿੱਚ ਕੁਝ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਇੱਕ ਵੱਡੀ ਮੀਟਿੰਗ ਕੀਤੀ ਗਈ ਸੀ। ਜਿਸ ਵਿੱਚ ਉਨ੍ਹਾਂ ਨੇ ਇੱਕ ਸੰਸਥਾ ਕਾਲਾ ਪਾਣੀ ਦਾ ਮੋਰਚਾ ਤਿਆਰ ਕੀਤੀ ਹੈ ਅਤੇ 24 ਅਗਸਤ ਨੂੰ ਲੁਧਿਆਣਾ ਵਿੱਚ ਸ਼ਾਂਤਮਈ ਰੋਸ਼ ਪ੍ਰਦਰਸ਼ਨ ਕਰਨ ਦੀ ਵੀ ਗੱਲ ਕਹੀ ਹੈ।
ਬੁੱਢੇ ਦਰਿਆ 'ਤੇ ਬੰਨ੍ਹ ਮਾਰਿਆ ਜਾਵੇਗਾ : ਉਨ੍ਹਾਂ ਨੇ ਕਿਹਾ ਕਿ 15 ਸਤੰਬਰ ਨੂੰ ਲੁਧਿਆਣੇ ਦੇ ਬੁੱਢੇ ਦਰਿਆ 'ਤੇ ਬੰਨ੍ਹ ਮਾਰਿਆ ਜਾਵੇਗਾ ਅਤੇ ਇਸ ਦਾ ਪਾਣੀ ਸਤਲੁਜ ਵਿੱਚ ਪੈਣ ਤੋਂ ਰੋਕਿਆ ਜਾਵੇਗਾ। ਜਿਸ ਨਾਲ ਸਤਲੁਜ ਦਾ ਪੀਣ ਯੋਗ ਪਾਣੀ ਖਰਾਬ ਨਹੀਂ ਹੋਵੇਗਾ। ਇਸ ਨੂੰ ਲੈ ਕੇ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਹੈ।
ਕੋਈ ਵੀ ਕੰਮ ਨਾ ਕੀਤਾ ਜਾਵੇ ਜੋ ਕਾਨੂੰਨ ਦੇ ਖਿਲਾਫ ਹੋਵੇ:ਐਮਐਲਏ ਨੇ ਕਿਹਾ ਕਿ ਬੁੱਢੇ ਦਰਿਆ ਨੂੰ ਬੰਨ੍ਹ ਮਾਰਨਾ ਕੋਈ ਹੱਲ ਨਹੀਂ ਹੈ ਕਾਨੂੰਨ ਅਤੇ ਮਰਿਆਦਾ ਵਿੱਚ ਰਹਿ ਕੇ ਹੀ ਕੋਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦੇ ਹਨ ਕਿ ਅਜਿਹਾ ਕੋਈ ਵੀ ਕੰਮ ਨਾ ਕੀਤਾ ਜਾਵੇ ਜੋ ਕਾਨੂੰਨ ਦੇ ਖਿਲਾਫ ਹੋਵੇ। ਉਨ੍ਹਾਂ ਨੇ ਕਿਹਾ ਕਿ ਬੁੱਢੇ ਦਰਿਆ ਨੂੰ ਸਾਫ ਕਰਨ ਵਿੱਚ ਪ੍ਰਸ਼ਾਸਨ ਦੀ ਮਦਦ ਕੀਤੀ ਜਾਵੇ ਕਿਉਂਕਿ ਲਗਾਤਾਰ ਉਨ੍ਹਾਂ ਦੀ ਪਾਰਟੀ ਵੱਲੋਂ ਯਤਨ ਕੀਤੇ ਜਾ ਰਹੇ ਹਨ। ਕਿਹਾ ਕਿ ਲਗਾਤਾਰ ਕਾਰੋਬਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਬੁੱਢੇ ਦਰਿਆ ਨੂੰ ਸਾਫ ਕਰਨ ਲਈ ਯਤਨ ਕੀਤੇ ਜਾ ਰਹੇ :ਉਨ੍ਹਾਂ ਨੇ ਕਾਰੋਬਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਹੈ ਕਿ ਬਿਨਾਂ ਟਰੀਟਮੈਂਟ ਤੋਂ ਕੋਈ ਵੀ ਪਾਣੀ ਸਿੱਧਾ ਬੁੱਢੇ ਦਰਿਆ ਵਿੱਚ ਨਾ ਪਾਇਆ ਜਾਵੇ ਨਹੀਂ ਤਾਂ ਫੈਕਟਰੀ ਪੱਕੀ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਦਾ ਪਤਾ ਨਹੀਂ ਪਰ ਉਨ੍ਹਾਂ ਦੀ ਸਰਕਾਰ ਯਤਨਸ਼ੀਲ ਹੈ ਅਤੇ ਲਗਾਤਾਰ ਬੁੱਢੇ ਦਰਿਆ ਨੂੰ ਸਾਫ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਕਿਹਾ ਕਿ ਉਨ੍ਹਾਂ ਨੇ ਖੁਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਅਪੀਲ ਕੀਤੀ ਹੈ ਕਿ ਬੁੱਢੇ ਦਰਿਆ 'ਤੇ ਹੋਏ ਘਪਲੇ ਦੀ ਸੀਬੀਆਈ ਅਤੇ ਵਿਜੀਲੈਂਸ ਤੋਂ ਜਾਂਚ ਕਰਵਾਈ ਜਾਵੇ।