ਰੂਪਨਗਰ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਗੁਰਦੁਆਰਾ ਸ੍ਰੀ ਭੱਠਾ ਸਾਹਿਬ, ਰੂਪਨਗਰ ਵਿਖੇ ਮੱਥਾ ਟੇਕਿਆ। ਉਹ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਸਖ਼ਤ ਸੁਰੱਖਿਆ ਵਿਚਕਾਰ ਸੀਐਮ ਮਾਨ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਕਰੀਬ ਅੱਧਾ ਘੰਟਾ ਗੁਰਦੁਆਰੇ ਵਿੱਚ ਰੁਕਣ ਤੋਂ ਬਾਅਦ ਸੀਐਮ ਮਾਨ ਉਥੋਂ ਰਵਾਨਾ ਹੋ ਗਏ।
ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਪਹੁੰਚੇ ਸੀਐਮ ਮਾਨ
ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ- ਅੱਜ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਸ੍ਰੀ ਭੱਠਾ ਸਾਹਿਬ ਰੂਪਨਗਰ ਵਿਖੇ ਨਤਮਸਤਕ ਹੋਣ ਲਈ ਆਇਆ ਹਾਂ। ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਅੱਜ ਮੈਂ ਆਪਣੇ ਪਰਿਵਾਰ ਸਮੇਤ ਗੁਰੂ ਦੇ ਦਰਬਾਰ ਵਿੱਚ ਨਤਮਸਤਕ ਹੋਇਆ ਹਾਂ। ਸਾਡੇ ਗੁਰੂ ਸਾਡੇ ਸਮਾਜ ਲਈ ਲੜੇ ਹਨ। ਸੀਐਮ ਮਾਨ ਨੇ ਅੱਗੇ ਕਿਹਾ ਗੁਰੂ ਸਾਹਿਬ ਜੋ ਲੜਾਈ ਲੜੇ ਉਹ ਕੋਈ ਆਮ ਲੜਾਈ ਨਹੀਂ ਸੀ, ਇੱਕ ਪਾਸੇ ਲੱਖਾਂ ਦੀ ਫੌਜ਼ ਅਤੇ ਦੂਜੇ ਪਾਸੇ ਸਾਡੇ ਗੁਰੂ ਸਾਹਿਬਾਨ ਸਨ। ਸਾਡੇ ਗੁਰੂਆਂ ਨੇ ਅਜਿਹੀਆਂ ਲੜਾਈਆਂ ਜਿੱਤੀਆਂ ਹਨ ਜੋ ਕੋਈ ਹੋਰ ਨਹੀਂ ਜਿੱਤ ਸਕਦਾ ਸੀ। ਇਸੇ ਲਈ ਕਿਹਾ ਜਾਂਦਾ ਹੈ ਕਿ ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ।
ਪਟਨਾ ਸਾਹਿਬ ਵਿੱਚ ਜਨਮ
ਸਾਹਿਬ-ਏ-ਕਮਾਲ, ਨੀਲੇ ਘੋੜੇ ਦੇ ਸ਼ਾਹ ਸਵਾਰ, ਬਾਜਾਂ ਵਾਲੇ, ਕਲਗੀਧਰ, ਸਿੱਖਾਂ ਦੇ ਦਸਵੇਂ ਗੁਰੂ ਅਤੇ ਖ਼ਾਲਸੇ ਦੀ ਸਥਾਪਨਾ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 7 ਪੋਹ ਸਦੀ, 23 ਪੋਹ 1723 ਵਿਕਰਮੀ ਸੰਮਤ ਭਾਵ ਕਿ 22 ਦਸੰਬਰ 1666 ਨੂੰ ਬਿਹਾਰ ਦੇ ਪਟਨਾ ਵਿਖੇ ਮਾਤਾ ਗੁਜਰੀ ਦੀ ਕੁੱਖੋਂ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ 1950 ਵਿੱਚ ਬਣਾਇਆ ਗਿਆ ਸੀ। ਉਨ੍ਹਾਂ ਨੇ ਆਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਸਾਲ ਵੀ ਇੱਥੇ ਹੀ ਬਿਤਾਏ ਸਨ।