ਬਰਨਾਲਾ:ਭਦੌੜ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ ਹੋ ਗਏ ਹਨ। ਸ਼ਾਮ ਢੱਲਦੇ ਹੀ ਵੱਡੀ ਲੁੱਟ ਦੀ ਵਾਰਦਾਤ ਵਾਪਰੀ ਹੈ। ਦੁਕਾਨ ਤੋਂ ਘਰ ਜਾ ਰਹੇ ਦੁਕਾਨਦਾਰ ਨੂੰ ਘੇਰ ਕੇ ਮੋਟਰਸਾਈਕਲ ਸਵਾਰਾਂ ਨੇ 1 ਲੱਖ ਰੁਪਏ ਲੁੱਟ ਲਏ। ਜਾਣਕਾਰੀ ਅਨੁਸਾਰ ਮੋਟਰਸਾਈਕਲ ਉਪਰ ਸਵਾਰ ਹੋ ਕੇ ਤਿੰਨ ਲੁਟੇਰੇ ਆਏ ਸਨ। ਉਧਰ ਘਟਨਾ ਤੋਂ ਬਾਅਦ ਭਦੌੜ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਉਥੇ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।
ਦੁਕਾਨ ਤੋਂ ਵਾਪਸ ਆਉਂਦੇ ਸਮੇਂ ਹੋਈ ਵਾਰਦਾਤ:ਇਸ ਮੌਕੇ ਪੀੜਤ ਦੁਕਾਨਦਾਰ ਦੇ ਪੁੱਤ ਨੇ ਦੱਸਿਆ ਕਿ ਬੀਤੀ ਰਾਤ ਉਹ ਅਤੇ ਉਸਦੇ ਪਿਤਾ ਬਾਜਾਖਾਨਾ ਰੋਡ ਉਪਰ ਆਪਣੀ ਦੁਕਾਨ ਨੂੰ ਬੰਦ ਕਰਕੇ ਘਰ ਵਾਪਸ ਆ ਰਹੇ ਸੀ। ਜਦੋਂ ਉਹ ਸ਼ਹਿਰ ਦੀ ਜੈਦ ਮਾਰਕੀਟ ਕੋਲ ਪਹੁੰਚੇ ਤਾਂ ਮੋਟਰਸਾਈਕਲ ਉਪਰ ਸਵਾਰ ਤਿੰਨ ਵਿਅਕਤੀਆਂ ਨੇ ਘੇਰ ਕੇ ਉਸ ਦੇ ਪਿਤਾ ਤੋਂ ਬੈਗ ਖੋਹ ਲਿਆ। ਬੈਗ ਵਿੱਚ ਕਰੀਬ 1 ਲੱਖ ਰੁਪਏ ਸਨ ਅਤੇ ਜ਼ਰੂਰੀ ਡਾਕੂਮੈਂਟ ਸਨ। ਉਹਨਾਂ ਕਿਹਾ ਕਿ ਇਹ ਘਟਨਾ ਸ਼ਹਿਰ ਦੀ ਬਿਲਕੁਲ ਆਬਾਦੀ ਵਾਲੇ ਏਰੀਏ ਵਿੱਚ ਵਾਪਰੀ ਹੈ। ਇਸ ਤੋਂ ਉਪਰੰਤ ਉਹਨਾਂ ਨੇ ਤੁਰੰਤ ਪੁਲਿਸ ਪ੍ਰਸ਼ਾਸ਼ਨ ਨਾਲ ਸੰਪਰਕ ਕੀਤਾ ਅਤੇ ਪੁਲਿਸ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਜਲਦ ਤੋਂ ਜਲਦ ਇਸ ਮਾਮਲੇ ਦੀ ਤੈਅ ਤੱਕ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰੀ ਕਰਕੇ ਉਹਨਾਂ ਦੇ ਲੁੱਟੇ ਪੈਸੇ ਵਾਪਸ ਦਵਾਏ ਜਾਣ।