ਬਠਿੰਡਾ:ਬੀਤੀ ਅੱਧੀ ਰਾਤ ਸ਼ਰਾਰਤੀ ਅਨਸਰ ਵੱਲੋਂ 100 ਫੁੱਟੀ ਰੋਡ 'ਤੇ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਵਿੱਚ ਸਥਿਤ ਗੁਰਦੁਆਰਾ ਸਾਹਿਬ ਸੰਗਤ ਸਿਵਿਲ ਸਟੇਸ਼ਨ ਦੀ ਡਿਓੜੀ ਦੇ ਸ਼ੀਸ਼ੇ ਰੋੜੇ ਮਾਰ ਕੇ ਭੰਨ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ 'ਤੇ ਵੱਡੀ ਗਿਣਤੀ ਵਿੱਚ ਪਹੁੰਚੀ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਅਤੇ ਹੋਰਨਾਂ ਥਾਵਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੇਖੋ ਅਤੇ ਗੁਰਤੇਜ ਸਿੰਘ ਨੇ ਕਿਹਾ ਕਿ ਇਸ ਘਟਨਾ ਸਬੰਧੀ ਜਦੋਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਵੱਲੋਂ ਸੂਚਿਤ ਕੀਤਾ ਗਿਆ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ।
ਮੁਲਜ਼ਮ ਦੀ ਮਨਸ਼ਾ ਦੀ ਜਾਂਚ : ਉਹਨਾਂ ਕਿਹਾ ਕਿ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਇੱਕ ਵਾਰ ਫਿਰ ਤੋਂ ਧਾਰਮਿਕ ਸਥਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜਿਸ ਤਰ੍ਹਾਂ ਉਕਤ ਅਨਸਰ ਵੱਲੋਂ ਗੁਰੂ ਘਰ 'ਤੇ ਪਥੱਰ ਮਾਰਿਆ ਗਿਆ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੱਲ੍ਹ ਨੂੰ ਕੁਝ ਹੋਰ ਵੀ ਕਰ ਸਕਦਾ ਹੈ ਇਸ ਲਈ ਉਸ ਨੂੰ ਗ੍ਰਿਫਤਾਰ ਕਰਕੇ ਉਸ ਦੀ ਮਨਸ਼ਾ ਦਾ ਪਤਾ ਕਰਨਾ ਜਰੂਰੀ ਹੈ। ਉਹਨਾਂ ਕਿਹਾ ਕਿ ਅਜਿਹੇ ਅਨਸਰਾਂ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।