ਲੁਧਿਆਣਾ: ਪੰਜਾਬ ਭਰ ਦੇ ਵਿੱਚ ਮੌਸਮ ਦੇ ਅੰਦਰ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਬੀਤੇ ਕਈ ਦਿਨਾਂ ਤੋਂ ਕੜਾਕੇ ਦੀ ਪੈ ਰਹੀ ਠੰਡ ਕਰਕੇ ਅੱਜ ਜਿੱਥੇ ਤਾਪਮਾਨ ਹਲਕੇ ਵਧੇ ਹਨ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚ 27 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਅਲਰਟ ਪੰਜਾਬ ਦੇ ਕਈ ਥਾਵਾਂ ਦੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਵਲੋਂ 29 ਨਵੰਬਰ ਤੱਕ ਇਹ ਯੈਲੋ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਵਲੋਂ ਯੈਲੋ ਅਲਰਟ
ਮੌਜੂਦਾ ਹਾਲਾਤਾਂ ਦੇ ਵਿੱਚ ਜੇਕਰ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਦਿਨ ਦਾ ਤਾਪਮਾਨ ਪੰਜਾਬ ਦੇ ਵਿੱਚ 26 ਡਿਗਰੀ ਦੇ ਨੇੜੇ ਹੈ। ਜਦੋਂ ਕਿ ਰਾਤ ਦਾ ਤਾਪਮਾਨ ਲੱਗਭਗ 10 ਡਿਗਰੀ ਦੇ ਨੇੜੇ ਚੱਲ ਰਿਹਾ ਹੈ, ਜੋ ਕਿ ਆਮ ਵਰਗਾ ਹੈ। ਹਾਲਾਂਕਿ ਕੁਝ ਇਲਾਕਿਆਂ ਦੇ ਵਿੱਚ ਇਸ ਵਿੱਚ ਇੱਕ ਦੋ ਡਿਗਰੀ ਦਾ ਫਰਕ ਜ਼ਰੂਰ ਵੇਖਣ ਨੂੰ ਮਿਲ ਰਿਹਾ ਹੈ। ਪਰ ਮੌਜੂਦਾ ਹਾਲਤ ਦੇ ਵਿੱਚ ਤਾਪਮਾਨ ਆਮ ਚੱਲ ਰਹੇ ਹਨ। ਮੌਸਮ ਵਿਭਾਗ ਵੱਲੋਂ ਅਗਲੇ ਸੱਤ ਦਿਨਾਂ ਲਈ ਕੀਤੀ ਗਈ ਭਵਿੱਖਬਾਣੀ ਦੇ ਵਿੱਚ 26 ਨਵੰਬਰ ਤੋਂ ਲੈ ਕੇ 2 ਦਸੰਬਰ ਤੱਕ ਪੰਜਾਬ ਦੇ ਕੁਝ ਕੁ ਜ਼ਿਲ੍ਹਿਆਂ ਵਿੱਚ ਕਿਤੇ-ਕਿਤੇ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ।