Meet Hayer reaction to Kejriwal arrest ਬਰਨਾਲਾ:ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਵਲੋਂ ਕੀਤੀ ਗਈ ਗ੍ਰਿਫ਼ਤਾਰੀ ਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਨੇ ਇਸ ਨੂੰ ਲੋਕਤੰਤਰ ਲਈ ਕਾਲਾ ਦਿਨ ਦੱਸਿਆ ਹੈ।
ਬਿਨ੍ਹਾਂ ਕਿਸੇ ਸਬੂਤ ਤੋਂ ਗ੍ਰਿਫ਼ਤਾਰ ਕਰਨਾ ਦੁੱਖਦਾਈ: ਇਸ ਸਬੰਧੀ ਕੈਬਨਿਟ ਮੰਤਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨਾ ਬਹੁਤ ਮੰਦਭਾਗਾ ਹੈ ਅਤੇ ਇਹ ਸਾਡੇ ਲੋਕਤੰਤਰ ਲਈ ਕਾਲਾ ਦਿਨ ਹੈ। ਲਗਾਤਾਰ ਤਿੰਨ ਵਾਰ ਦਿੱਲੀ ਦੇ ਲੋਕਾਂ ਵਲੋਂ ਵੱਡੀ ਬਹੁਮਤ ਨਾਲ ਚੁਣੇ ਹੋਏ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਬਿਨ੍ਹਾਂ ਕਿਸੇ ਸਬੂਤ ਤੋਂ ਗ੍ਰਿਫ਼ਤਾਰ ਕਰਨਾ ਹੋਰ ਵੀ ਦੁੱਖਦਾਈ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਗ੍ਰਿਫ਼ਤਾਰ ਕਰਨਾ ਹੋਰ ਵੀ ਗਲਤ ਹੈ।
ਇਸ ਤੋਂ ਪਹਿਲਾਂ, ਇਸੇ ਤਰ੍ਹਾ ਈਡੀ ਨੇ ਝਾਰਖੰਡ ਦੇ ਮੁੱਖ ਮੰਤਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋ ਮੁੱਖ ਮੰਤਰੀਆਂ ਨੂੰ ਈਡੀ ਵਲੋਂ ਗ੍ਰਿਫ਼ਤਾਰ ਕੀਤਾ ਹੈ। ਇਹ ਸਭ ਸਾਬਤ ਕਰਦਾ ਹੈ ਕਿ ਭਾਜਪਾ ਦੇ ਅੰਦਰ ਵਿਰੋਧੀ ਧਿਰਾਂ ਦਾ ਬਹੁਤ ਡਰ ਹੈ, ਜਿਸ ਕਰਕੇ ਗਲਤ ਤਰੀਕੇ ਵਿਰੋਧੀ ਧਿਰਾਂ ਨੂੰ ਦਬਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਹਨ, ਪਰ ਦੇਸ਼ ਦੇ ਲੋਕਾਂ ਨੇ ਵੋਟਾਂ ਦੇ ਰੂਪ ਵਿੱਚ ਅਜਿਹੀਆਂ ਕਾਰਵਾਈਆਂ ਦਾ ਜਵਾਬ ਦਿੰਦਿਆਂ ਦੇਸ਼ ਦਾ ਲੋਕਤੰਤਰ ਮਜਬੂਤ ਕੀਤਾ ਹੈ।
ਲੋਕ ਵੋਟਾਂ ਰਾਹੀਂ ਭਾਜਾਪ ਨੂੰ ਦੇਣਗੇ ਜਵਾਬ:ਹੁਣ ਵੀ ਦੇਸ਼ ਦੇ ਲੋਕ ਭਾਜਪਾ ਨੂੰ ਇਸ ਤਰ੍ਹਾਂ ਦੀ ਗ਼ਲਤ ਕਾਰਵਾਈ ਦਾ ਵੋਟਾਂ ਦੇ ਰੂਪ ਵਿੱਚ ਜਵਾਬ ਦੇਣਗੇ। ਉਹਨਾਂ ਕਿਹਾ ਕਿ ਈਡੀ ਦੀ ਇਸ ਕਾਰਵਾਈ ਦਾ ਆਮ ਆਦਮੀ ਪਾਰਟੀ ਵਲੋਂ ਵਿਰੋਧ ਪ੍ਰਦਰਸ਼ਨ ਕਰਕੇ ਵਿਰੋਧੀ ਕੀਤਾ ਜਾ ਰਿਹਾ ਹੈ, ਉਥੇ ਨਾਲ ਹੀ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਗਿਆ ਹੈ ਅਤੇ ਉਹਨਾਂ ਨੂੰ ਅਦਾਲਤ ਤੋਂ ਇਨਸਾਫ਼ ਦੀ ਉਮੀਦ ਹੈ। ਮੀਤ ਹੇਅਰ ਨੇ ਕਿਹਾ ਕਿ ਕੇਜਰੀਵਾਲ ਤੋਂ ਪਹਿਲਾਂ ਵੀ ਇਸੇ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਈਡੀ ਵਲੋਂ ਸਾਡੀ ਪਾਰਟੀ ਦੇ ਹੋਰ ਲੀਡਰ ਵੀ ਜੇਲ੍ਹ ਅੰਦਰ ਕੀਤੇ ਹੋਏ ਹਨ। ਪਰ ਅਜੇ ਤੱਕ ਈਡੀ ਇਸ ਮਾਮਲੇ ਵਿੱਚ ਕੋਈ ਸਬੂਤ ਸਾਹਮਣੇ ਨਹੀਂ ਲਿਆ ਸਕੀ।
ਮੀਤ ਹੇਅਰ ਨੇ ਕਿਹਾ ਕਿ ਜੋ ਲੀਡਰ ਭਾਜਪਾ ਦੀ ਅਗਵਾਈ ਕਬੂਲ ਕਰ ਲੈਂਦਾ ਹੈ, ਉਸ ਦੀਆਂ ਇੰਨਕੁਆਰੀਆਂ ਤੁਰੰਤ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਪਰ ਜੋ ਇਹਨਾਂ ਅੱਗੇ ਅੜ ਜਾਂਦਾ ਹੈ, ਉਸ ਉਪਰ ਏਜੰਸੀਆਂ ਰਾਹੀਂ ਝੂਠੇ ਕੇਸ ਦਰਜ਼ ਕੀਤੇ ਜਾਂਦੇ ਹਨ। ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਇਨਕਲਾਬ ਵਿੱਚੋਂ ਨਿਕਲੀ ਪਾਰਟੀ ਹੈ ਅਤੇ ਇਹਨਾਂ ਜੇਲ੍ਹਾ ਅਤੇ ਪਰਚਿਆਂ ਤੋਂ ਡਰਨ ਵਾਲੇ ਨਹੀਂ ਹਨ।